ਮੁੰਬਈ: ਸੁਸ਼ਾਂਤ ਸਿੰਘ ਰਾਜਪੂਤ ਖ਼ੁਦਕੁਸ਼ੀ ਮਾਮਲੇ 'ਚ ਸੀਬੀਆਈ ਨੇ ਸ਼ੁੱਕਰਵਾਰ ਨੂੰ ਰੀਆ ਚੱਕਰਵਰਤੀ ਤੋਂ ਪੁੱਛਗਿੱਛ ਕੀਤੀ। ਰੀਆ ਕੋਲੋਂ ਸੀਬੀਆਈ ਨੇ 10 ਘੰਟਿਆਂ ਤੋਂ ਵੱਧ ਸਮੇਂ ਤੱਕ ਪੁੱਛਗਿੱਛ ਕੀਤੀ। ਉਸ ਨੂੰ ਅੱਜ ਮੁੜ ਪੁੱਛਗਿੱਛ ਲਈ ਬੁਲਾਇਆ ਗਿਆ ਹੈ।
ਇਕ ਅਧਿਕਾਰੀ ਨੇ ਦੱਸਿਆ ਕਿ ਚੱਕਰਵਰਤੀ, ਜੋ ਪਹਿਲੀ ਵਾਰ ਸੀਬੀਆਈ ਸਾਹਮਣੇ ਪੇਸ਼ ਹੋਈ ਸੀ, ਰਾਤ 9 ਵਜੇ ਤੋਂ ਥੋੜ੍ਹੀ ਦੇਰ ਬਾਅਦ ਸੈਂਟਾਕਰੂਜ਼ ਵਿੱਚ ਡੀਆਰਡੀਓ ਗੈਸਟ ਹਾਊਸ ਕੰਪਲੈਕਸ ਤੋਂ ਰਵਾਨਾ ਹੋਈ।
ਅਧਿਕਾਰੀਆਂ ਨੇ ਕਿਹਾ ਕਿ ਇਸ ਤੋਂ ਪਹਿਲਾਂ ਚੱਕਰਵਰਤੀ ਸਵੇਰੇ 10 ਵਜੇ ਆਪਣੇ ਘਰ ਤੋਂ ਗੈਸਟ ਹਾਊਸ ਲਈ ਰਵਾਨਾ ਹੋਈ ਸੀ ਜਿਥੇ ਸੀਬੀਆਈ ਦੀ ਟੀਮ ਠਹਿਰੀ ਹੋਈ ਹੈ। ਰੀਆ ਤੋਂ ਪਹਿਲਾਂ ਸਿਧਾਰਥ ਪਿਥਾਨੀ ਅਤੇ ਮੈਨੇਜਰ ਸੈਮੂਅਲ ਮਿਰਾਂਡਾ, ਜੋ ਉਸ ਨਾਲ ਸੁਸ਼ਾਂਤ ਦੇ ਫਲੈਟ ਵਿੱਚ ਰਹਿੰਦੇ ਸਨ, ਡੀਆਰਡੀਓ ਗੈਸਟ ਹਾਊਸ ਪਹੁੰਚੇ ਸਨ।
ਸੀਬੀਆਈ ਬਾਲੀਵੁੱਡ ਅਭਿਨੇਤਾ ਸੁਸ਼ਾਂਤ ਸਿੰਘ ਰਾਜਪੂਤ ਦੀ ਮੌਤ ਦੇ ਮਾਮਲੇ ਦੀ ਜਾਂਚ ਕਰ ਰਹੀ ਹੈ। ਸੀਬੀਆਈ ਦੀ ਇਕ ਟੀਮ ਪਿਛਲੇ ਇਕ ਹਫਤੇ ਤੋਂ ਮੁੰਬਈ ਵਿਚ ਜਾਂਚ ਕਰ ਰਹੀ ਹੈ।
ਸੀਬੀਆਈ ਨੇ ਹੁਣ ਤੱਕ ਰੀਆ ਦੇ ਭਰਾ ਸ਼ੋਇਕ ਚੱਕਰਵਰਤੀ, ਪਿਥਾਨੀ, ਰਾਜਪੂਤ ਦੇ ਕੁੱਕ ਨੀਰਜ ਸਿੰਘ ਅਤੇ ਸੀਏ ਦੀਪੇਸ਼ ਸਾਵੰਤ ਤੋਂ ਪੁੱਛਗਿੱਛ ਕੀਤੀ ਹੈ। ਏਜੰਸੀ ਨੇ ਰਾਜਪੂਤ ਦੇ ਚਾਰਟਰਡ ਅਕਾਊਂਟੈਂਟ ਸੰਦੀਪ ਸ੍ਰੀਧਰ ਅਤੇ ਲੇਖਾਕਾਰ ਰਜਤ ਮੇਵਾਤੀ ਦੇ ਬਿਆਨ ਵੀ ਦਰਜ ਕੀਤੇ ਹਨ।