ਚੰਡੀਗੜ੍ਹ: ਵਿਨੋਦ ਖੰਨਾ ਦਾ ਜਨਮ 6 ਅਕਤੂਬਰ 1946 ਨੂੰ ਪੰਜਾਬ ਦੇ ਪੇਸ਼ਾਵਰ ਸ਼ਹਿਰ 'ਚ ਹੋਇਆ ਸੀ। ਵੰਡ ਤੋਂ ਬਾਅਦ ਉਨ੍ਹਾਂ ਦਾ ਪਰਿਵਾਰ ਮੁੰਬਈ ਆ ਕੇ ਵੱਸ ਗਿਆ।
ਮੀਡੀਆ ਰਿਪੋਰਟਾਂ ਮੁਤਾਬਿਕ ਵਿਨੋਦ ਖੰਨਾ ਆਪਣੇ ਕਰੀਅਰ ਦੇ ਸਿਖਰ 'ਤੇ ਪਹੁੰਚ ਕੇ ਰਿਟਾਇਰਮੈਂਟ ਲੈਣ ਵਾਲੇ ਪਹਿਲੇ ਬਾਲੀਵੁੱਡ ਅਦਾਕਾਰ ਸਨ। ਵਿਨੋਦ ਖੰਨਾ ਨੇ ਸਭ ਤੋਂ ਪਹਿਲਾਂ ਡਾਕੂ ਦੇ ਕਿਰਦਾਰ ਅਦਾ ਕੀਤੇ, ਫ਼ੇਰ ਪੁਲਿਸ ਵਾਲਾ ਬਣ ਕੇ ਦਰਸ਼ਕਾਂ ਦਾ ਦਿਲ ਜਿੱਤਿਆ। ਇਸ ਤੋਂ ਬਾਅਦ ਰੋਮੈਂਟਿੰਕ ਕਿਰਦਾਰ ਨਿਭਾ ਕੇ ਉਨ੍ਹਾਂ ਇੰਡਸਟਰੀ 'ਚ ਨਵਾਂ ਟ੍ਰੈਂਡ ਹੀ ਸੈੱਟ ਕਰਤਾ। ਜਦੋਂ ਵਿਨੋਦ ਖੰਨਾ ਨੇ ਇਹ ਐਲਾਨ ਕੀਤਾ ਕਿ ਉਹ ਰਿਟਾਇਰਮੈਂਟ ਲੈ ਰਹੇ ਹਨ ਤਾਂ ਕਿਸੇ ਨੂੰ ਵੀ ਉਸ ਗੱਲ 'ਤੇ ਯਕੀਨ ਨਹੀਂ ਹੋਇਆ ਸੀ।
ਕਿਉਂ ਲਈ ਰਿਟਾਇਰਮੈਂਟ ?
ਮੀਡੀਆ ਰਿਪੋਰਟਾਂ ਮੁਤਾਬਿਕ ਵਿਨੋਦ ਖੰਨਾ, 70 ਦੇ ਦਸ਼ਕ 'ਚ ਓਸ਼ੋ ਤੋਂ ਪ੍ਰਭਾਵਿਤ ਹੋਣ ਲੱਗੇ ਸੀ। ਇਹ ਉਹ ਦੌਰ ਸੀ ਜਦੋਂ ਵਿਨੋਦ ਖੰਨਾ ਨੂੰ ਸਾਇਨ ਕਰਨ ਦੇ ਲਈ ਨਿਰਦੇਸ਼ਕ-ਪ੍ਰੋਡਿਊਸਰ ਉਤਸੁਕ ਰਹਿੰਦੇ ਸਨ। ਆਪਣੇ ਸਟਾਰਡਮ ਨੂੰ ਛੱਡ ਕੇ ਵਿਨੋਦ ਖੰਨਾ ਨੇ ਅਧਿਆਤਮ ਨੂੰ ਅਪਣਾ ਲਿਆ। ਦਰਅਸਲ ਵਿਨੋਦ ਖੰਨਾ ਨੇ ਇਹ ਕਦਮ ਆਤਮਿਕ ਸ਼ਾਂਤੀ ਲਈ ਲਿਆ ਸੀ।
ਸੁਪਰਸਟਾਰ ਤੋਂ ਬਾਅਦ ਮਾਲੀ ਬਣੇ ਵਿਨੋਦ ਖੰਨਾ
ਆਪਣੀ ਸੁਪਰਸਟਾਰ ਵਾਲੀ ਜ਼ਿੰਦਗੀ ਛੱਡ ਕੇ ਵਿਨੋਦ ਖੰਨਾ ਅਮਰੀਕਾ ਓਸ਼ੋ ਆਸ਼ਰਮ ਚੱਲੇ ਗਏ। ਇੱਕ ਇੰਟਰਵਿਊ 'ਚ ਵਿਨੋਦ ਖੰਨਾ ਆਖਦੇ ਹਨ, "ਮੈਂ ਅੋਸ਼ੋ ਦੇ ਬਗੀਚੇ ਦੀ ਰੱਖਵਾਲੀ ਕਰਦਾ ਸੀ। ਮੈਂ ਟਾਇਲੇਟ ਸਾਫ਼ ਕਰਦਾ ਸੀ। ਮੈਂ ਖਾਣਾ ਬਣਾਉਂਦਾ ਸੀ।"
ਬਾਲੀਵੁੱਡ 'ਚ ਵਾਪਸੀ
ਅਚਾਨਕ 6 ਸਾਲ ਬਾਅਦ ਵਿਨੋਦ ਖੰਨਾ ਵਾਪਿਸ ਮੁੰਬਈ ਆਏ। ਉਨ੍ਹਾਂ ਬਾਲੀਵੁੱਡ 'ਚ ਆਪਣੀ ਦੂਜੀ ਪਾਰੀ ਦੀ ਸ਼ੁਰੂਆਤ ਕੀਤੀ ਪਰ ਇਸ ਵਾਰ ਉਹ ਮਕਬੂਲੀਅਤ ਨਹੀਂ ਮਿਲੀ ਵਿਨੋਦ ਖੰਨਾ ਨੂੰ ਜੋ ਪਹਿਲੀ ਪਾਰੀ ਦੇ ਵਿੱਚ ਮਿਲੀ ਸੀ।
ਸਿਆਸਤ ਦਾ ਰੁੱਖ
ਬਾਲੀਵੁੱਡ 'ਚ ਕਾਮਯਾਬੀ ਨਾ ਮਿਲਣ ਤੋਂ ਬਾਅਦ ਉਨ੍ਹਾਂ 1997 'ਚ ਸਿਆਸਤ ਦਾ ਰੁੱਖ ਕੀਤਾ। ਉਹ ਭਾਜਪਾ ਦੇ ਵਿੱਚ ਸ਼ਾਮਿਲ ਹੋਏ। ਗੁਰਦਾਸਪੁਰ ਤੋਂ ਚਾਰ ਵਾਰ ਸਾਂਸਦ ਚੁਣੇ ਗਏ। ਇਸ ਤੋਂ ਇਲਾਵਾ ਉਹ ਅਟਲ ਬਿਹਾਰੀ ਵਾਜਪਾਈ ਦੀ ਸਰਕਾਰ 'ਚ ਕੇਂਦਰੀ ਸਭਿਆਚਾਰ ਅਤੇ ਸੈਰ ਸਪਾਟਾ ਮੰਤਰੀ ਵੀ ਰਹੇ।
27 ਅਪ੍ਰੈਲ 2017 ਨੂੰ ਕੈਂਸਰ ਦੀ ਬਿਮਾਰੀ ਕਾਰਨ ਵਿਨੋਦ ਖੰਨਾ ਦਾ ਦੇਹਾਂਤ ਹੋ ਗਿਆ।