ਮੁੰਬਈ:`ਗੁਲਾਲ` ਅਤੇ ਪਟਿਆਲਾ ਹਾਊਸ ਵਰਗੀਆਂ ਫ਼ਿਲਮਾਂ `ਚ ਕੰਮ ਕਰ ਚੁੱਕੇ ਸਿੱਧੂ ਹੁਣ ਸੁਰੱਖਿਆ ਗਾਰਡ ਦੀ ਨੌਕਰੀ ਕਰਕੇ ਆਪਣਾ ਢਿੱਡ ਭਰ ਰਹੇ ਹਨ। ਇਸ ਖ਼ਬਰ ਦੇ ਸਾਹਮਣੇ ਆਉਣ ਤੋਂ ਬਾਅਦ ਫ਼ਿਲਮ ਮੇਕਰ ਅਨੁਰਾਗ ਕਸ਼ਯਪ ਨੇ ਇਕ ਟਵੀਟ ਕਰ ਕੇ ਸਿੱਧੂ ਦੇ ਜਜ਼ਬੇ ਨੂੰ ਸਲਾਮ ਕੀਤਾ ਹੈ।
ਅਨੁਰਾਗ ਨੇ ਕਿਹਾ ਕਿ,"ਅਜਿਹੇ ਕਈ ਕਲਾਕਾਰ ਹਨ ,ਜਿੰਨ੍ਹਾਂ ਕੋਲ ਕੰਮ ਨਹੀਂ ਹੈ।ਇਕ ਡਾਇਰੈਕਟਰ ਦੇ ਤੌਰ `ਤੇ ਮੈਂ ਸਾਵੀ ਸਿੱਧੂ ਦਾ ਸਨਮਾਨ ਕਰਦਾ ਹਾਂ।ਮੈਂ ਉਨ੍ਹਾਂ ਨੂੰ ਤਿੰਨ ਵਾਰ ਕੰਮ ਕਰਨ ਦਾ ਮੌਕਾ ਦਿੱਤਾ।ਨਵਾਜੁਦੀਨ ਸਿੱਦੀਕੀ ਵੀ ਚੌਂਕੀਦਾਰੀ ਕਰਦੇ ਸਨ, ਮੈਂ ਇਕ ਵਾਰ ਅਜਿਹੇ ਅਦਾਕਾਰ ਨਾਲ ਮਿਲਿਆ ਜੋਂ ਭੇਲਪੂਰੀ ਵੇਚਿਆ ਕਰਦਾ ਸੀ। ਬਲੈਕ ਫ਼ਰਾਈਡੇ ਫ਼ਿਲਮ ਦੇ ਅਦਾਕਾਰ, ਜੋ ਰਿਕਸ਼ਾ ਚਲਾਇਆ ਕਰਦੇ ਸਨ, ਸਲਾਮ ਬੌਂਬੇ `ਚ ਲੀਡ ਰੋਲ ਕਰਨ ਵਾਲੇ ਵੀ ਇਹ ਹੀ ਕੰਮ ਕਰਦੇ ਸਨ।"
ਉਨ੍ਹਾਂ ਆਪਣੇ ਟਵੀਟ `ਚ ਕਿਹਾ,"ਚੌਂਕੀਦਾਰੀ ਦਾ ਕੰਮ ਵੀ ਇਕ ਨੌਕਰੀ ਹੈ, ਮੈਨੂੰ ਨਹੀਂ ਲੱਗਦਾ ਕਿ ਕੋਈ ਵੀ ਕੰਮ ਛੋਟਾ ਜਾਂ ਫ਼ੇਰ ਵੱਡਾ ਹੁੰਦਾ ਹੈ।ਘੱਟ ਤੋਂ ਘੱਟ ਉਹ ਭੀਖ਼ ਤਾਂ ਨਹੀਂ ਮੰਗ ਰਹੇ।"
ਜ਼ਿਕਰਯੋਗ ਹੈ ਕਿ ਇਕ ਮੀਡੀਆ ਰਿਪੋਰਟ ਦੇ ਮੁਤਾਬਿਕ ਸਾਵੀ ਸਿੱਧੂ ਨੇ ਆਪਣੀ ਆਰਥਿਕ ਤੰਗੀ ਦਾ ਖ਼ੁਲਾਸਾ ਕੀਤਾ ਅਤੇ ਆਪਣੀ ਜ਼ਿੰਦਗੀ ਦੇ ਸੰਘਰਸ਼ ਬਾਰੇ ਦੱਸਿਆ `ਤੇ ਆਸ ਲੱਗਾਈ ਕਿ ਉਹ ਬਹੁਤ ਜਲਦ ਫ਼ਿਲਮਾਂ `ਚ ਵਾਪਿਸ ਆਉਣਗੇ ਤੇ ਆਪਣੀ ਆਰਥਿਕ ਦਸ਼ਾ ਸਹੀ ਕਰਨਗੇ।