ਚੰਡੀਗੜ੍ਹ:ਸਾਰਾਗੜ੍ਹੀ ਦੇ ਇਤਿਹਾਸ 'ਤੇ ਬਾਲੀਵੁੱਡ ਵਿਚ ਬਣੀ ਫਿਲਮ ਕੇਸਰੀ ਦੀ ਟੀਮ ਪ੍ਰਮੋਸ਼ਨ ਲਈ ਚੰਡੀਗੜ੍ਹ ਪੁੱਜੀ। ਇਸ ਮੌਕੇ ਅਕਸ਼ੈ ਕੁਮਾਰ ਨੇ ਕਿਹਾ ਕਿ ਉਹ ਜਨਮ ਤੋਂ ਹੀ ਪੰਜਾਬੀ ਹਨ ਪਰ ਪਗੜੀ ਪਾ ਕੇ ਉਹ ਖ਼ੁਦ ਨੂੰ ਸੰਪੂਰਨ ਸਿੱਖ ਮਹਿਸੂਸ ਕਰਦੇ ਹਨ। ਉਹਨਾਂ ਕਿਹਾ ਕਿ ਕੇਸਰੀ ਦੇ ਵਿਚ ਉਹ ਮੁੜ ਦਸਤਾਰਧਾਰੀ ਸਿੱਖ ਦੇ ਰੂਪ ਵਿਚ ਨਜ਼ਰ ਆਉਣਗੇ। ਇਸ ਤੋਂ ਪਹਿਲਾਂ ਉਹ ਫਿਲਮ 'ਸਿੰਘ ਇਜ਼ ਕਿੰਗ' ਦੇ ਵਿਚ ਸਰਦਾਰ ਵਿਅਕਤੀ ਦਾ ਕਿਰਦਾਰ ਨਿਭਾ ਚੁੱਕੇ ਹਨ। ਉਹਨਾਂ ਕਿਹਾ ਕਿ ਪਗੜੀ ਬੰਨ੍ਹ ਕੇ ਉਹਨਾਂ ਦੀ ਰੀੜ੍ਹ ਦੀ ਹੱਡੀ ਸਿੱਧੀ ਹੋ ਜਾਂਦੀ ਹੈ ਤੇ ਉਹ ਸਰਦਾਰ ਹੋਣ 'ਤੇ ਮਾਣ ਮਹਿਸੂਸ ਕਰਦੇ ਹਨ। ਇਸ ਮੌਕੇ ਉਹਨਾਂ ਨਾਲ ਪਰੀਨਿਤੀ ਚੋਪੜਾ ਅਤੇ ਫਿਲਮ ਦੇ ਡਾਇਰੈਕਟਰ ਅਨੂਰਾਗ ਸਿੰਘ ਵੀ ਮੌਜੂਦ ਸਨ।
'ਸਾਰਾਗੜ੍ਹੀ ਦੀ ਜਾਣਕਾਰੀ ਬਹੁਤ ਘੱਟ ਲੋਕਾਂ ਨੂੰ'
ਪਰੀਨਿਤੀ ਨੇ ਕਿਹਾ ਕਿ ਉਹ ਇਸ ਫ਼ਿਲਮ ਵਿਚ ਕੰਮ ਕਰਕੇ ਬਹੁਤ ਖੁਸ਼ ਹਨ। ਉਥੇ ਹੀ ਅਨੁਰਾਗ ਸਿੰਘਨੇ ਕਿਹਾ ਕਿ ਪੰਜਾਬ ਵਿਚ ਰਹਿੰਦੇ ਉਹਨਾਂ ਨੇ ਸਾਰਾਗੜ੍ਹੀ ਦੇ ਬੜੇ ਕਿੱਸੇ ਸੁਣੇ ਪਰ ਫ਼ਿਲਮ ਬਣਾਉਣ ਲਈ ਉਹਨਾ ਨੇ ਹੋਰ ਜਾਣਕਾਰੀ ਇਕੱਠੀ ਕੀਤੀ। ਉਹਨਾਂ ਕਿਹਾ ਕਿ ਸਾਰਾਗੜ੍ਹੀ ਵਰਗੀ ਸੇਮ ਲੋਕੇਸ਼ਨ ਲਈ ਉਹਨਾਂ ਨੇ ਲੱਦਾਖ਼ ਅਤੇ ਮਹਾਰਾਸ਼ਟਰ ਵਿਖੇ ਸ਼ੂਟ ਕੀਤਾ। ਉਹਨਾਂ ਕਿਹਾ ਕਿ ਬੇਸ਼ਕ ਯੁੱਧ 'ਤੇ ਫਿਲਮ ਬਣਾਈ ਗਈ ਹੈ ਪਰ ਉਹ ਯੁੱਧ ਦੇ ਹੱਕ ਵਿਚ ਨਹੀਂ ਹਨ। ਉਧਰ ਅਕਸ਼ੈ ਨੇ ਇਸ ਗੱਲ 'ਤੇ ਦੁੱਖ ਜਤਾਇਆ ਕਿ ਸਾਰਾਗੜ੍ਹੀ ਦੇ ਮਹਾਨ ਯੁੱਧ ਦੀ ਜਾਣਕਾਰੀ ਆਮ ਲੋਕਾਂ ਨੂੰ ਵੀ ਘੱਟ ਹੈ ਤੇ ਇਸ ਸਬੰਧੀ ਖ਼ਾਸ ਇਤਿਹਾਸ ਅਤੇ ਦਸਤਾਵੇਜ਼ ਵੀ ਮੌਜੂਦ ਨਹੀਂ ਹਨ।
ਫ਼ਿਲਮ ਦੀ ਐਡਵਾਂਸ ਬੂਕਿੰਗ ਸ਼ੁਰੂ
ਦੱਸ ਦਈਏ ਕਿ ਸਾਰਾਗੜ੍ਹੀ ਯੁੱਧ 'ਚ 10 ਹਜ਼ਾਰ ਮੁਗਲਾਂ ਦੀ ਫ਼ੌਜ ਦਾ 21 ਸਿੱਖਾਂ ਨੇ ਡਟ ਕੇ ਮੁਕਾਬਲਾ ਕੀਤਾ ਸੀ। ਇਸ ਸੱਚੀ ਘਟਨਾ ਤੇ ਆਧਾਰਤ ਫ਼ਿਲਮ ਕੇਸਰੀ ਦਾਬਜਟ 80 ਕਰੋੜ ਹੈ ਅਤੇ ਇਹ ਫ਼ਿਲਮ ਪੂਰੇ ਦੇਸ਼ ਵਿਚ 4000 ਸਕ੍ਰੀਨਸ 'ਤੇ ਰਿਲੀਜ਼ ਕੀਤੀ ਜਾ ਰਹੀ ਹੈ। ਫਿਲਮ ਦੀ ਐਡਵਾਂਸ ਬੁਕਿੰਗ ਸ਼ੁਰੂ ਹੋ ਗਈ ਹੈ ।