ਮੁੰਬਈ: ਬਾਲੀਵੁੱਡ ਸਟਾਰ ਅਜੇ ਦੇਵਗਨ ਦੀ ਫ਼ਿਲਮ ਤਾਨਾਜੀ-ਦਿ ਅਨਸੰਗ ਵਾਰੀਅਰ ਬਾਕਸ ਆਫ਼ਿਸ 'ਤੇ ਚੰਗਾ ਪ੍ਰਦਰਸ਼ਨ ਕਰ ਰਹੀ ਹੈ। ਇਹ ਫ਼ਿਲਮ 100 ਕਰੋੜ ਕਲੱਬ ਵਿੱਚ ਸ਼ਾਮਿਲ ਹੋ ਚੁੱਕੀ ਹੈ। ਫ਼ਿਲਮ ਦੇ ਚੰਗੇ ਪ੍ਰਦਰਸ਼ਨ ਤੋਂ ਬਾਅਦ ਅਜੇ ਦੇਵਗਨ ਦੀ ਅਗਲੀ ਫ਼ਿਲਮ ਬਾਰੇ ਚਰਚਾ ਹੋ ਰਹੀ ਹੈ। ਮੀਡੀਆ ਰਿਪੋਰਟਾਂ ਮੁਤਾਬਕ ਅਜੇ ਦੇਵਗਨ ਦੀ ਅਗਲੀ ਫ਼ਿਲਮ ਮਹਾਨ ਸਿੱਖ ਜਰਨੈਲ ਹਰੀ ਸਿੰਘ ਨਲੂਆ ਦੇ ਜੀਵਨ 'ਤੇ ਆਧਾਰਿਤ ਹੋਵੇਗੀ। ਅਜੇ ਦੇਵਗਨ ਨੇ ਤਾਨਾਜੀ- ਦਿ ਅਨਸੰਗ ਵਾਰੀਅਰ ਦੇ ਪ੍ਰਮੋਸ਼ਨ ਵੇਲੇ ਵੀ ਇਸ ਫ਼ਿਲਮ ਦਾ ਜ਼ਿਕਰ ਕੀਤਾ ਸੀ। ਹਰੀ ਸਿੰਘ ਨਲੂਆ ਦੇ ਜੀਵਨ 'ਤੇ ਬਣ ਰਹੀ ਫ਼ਿਲਮ ਦੀ ਸਕ੍ਰੀਪਟ 'ਤੇ ਫ਼ਿਲਹਾਲ ਕੰਮ ਚੱਲ ਰਿਹਾ ਹੈ।
ਸਰਦਾਰ ਹਰੀ ਸਿੰਘ ਨਲੂਆ ਨੇ ਸ਼ਹਿਰ ਹਰੀਪੁਰ ਲੱਭਿਆ ਸੀ, ਜੋ ਹੁਣ ਪਾਕਿਸਤਾਨ ਦਾ ਹਿੱਸਾ ਹੈ। ਨਲੂਆ ਮਹਾਰਾਜਾ ਰਣਜੀਤ ਸਿੰਘ ਜੀ ਦੀ ਸੈਨਾ ਦੇ ਮੁਖੀ ਸਨ, ਜਿਨ੍ਹਾਂ ਨੇ ਪਠਾਨਾਂ ਵਿਰੁੱਧ ਕਈ ਜੰਗਾਂ ਦੀ ਅਗਵਾਈ ਕੀਤੀ ਸੀ। ਰਣਨੀਤੀ ਅਤੇ ਜੁਗਤੀ ਦੇ ਮਾਮਲੇ ਵਿਚ ਹਰੀ ਸਿੰਘ ਨਲੂਆ ਦੀ ਤੁਲਨਾ ਭਾਰਤ ਦੇ ਸਰਬੋਤਮ ਜਰਨੈਲਾਂ ਨਾਲ ਕੀਤੀ ਜਾਂਦੀ ਹੈ। ਜ਼ਿਕਰਯੋਗ ਹੈ ਕਿ ਇਸ ਫ਼ਿਲਮ 'ਚ ਕਿਹੜੀ ਸਟਾਰਕਾਸਟ ਹੋਵੇਗੀ ਅਤੇ ਇਹ ਫ਼ਿਲਮ ਕਦੋਂ ਰਿਲੀਜ਼ ਹੋਵੇਗੀ ਇਸ ਬਾਰੇ ਕੋਈ ਵੀ ਜਾਣਕਾਰੀ ਸਾਹਮਣੇ ਨਹੀਂ ਆਈ ਹੈ।