ਮੁੰਬਈ: ਬਾਲੀਵੁੱਡ ਤੇ ਟਾਲੀਵੁੱਡ ਫ਼ਿਲਮਾਂ ਦੇ ਮਸ਼ਹੂਰ ਅਦਾਕਾਰ ਮੁਰਲੀ ਸ਼ਰਮਾ ਦੀ ਮਾਂ ਪਦਮ ਸ਼ਰਮਾ ਦਾ ਨਵੀਂ ਮੁੰਬਈ 'ਚ ਦੇਹਾਂਤ ਹੋ ਗਿਆ ਹੈ। ਜਾਣਕਾਰੀ ਮੁਤਾਬਕ ਉਨ੍ਹਾਂ ਦਾ ਦੇਹਾਂਤ ਦਿਲ ਦਾ ਦੌਰਾ ਪੈਣ ਕਾਰਨ ਹੋਇਆ ਹੈ।
ਉਨ੍ਹਾਂ ਦੀ ਉਮਰ 76 ਸਾਲ ਸੀ। ਮੁਰਲੀ ਸ਼ਰਮਾ ਨੇ ਕਿਹਾ, "ਮਾਂ ਪੂਰੀ ਤਰ੍ਹਾਂ ਤੰਦਰੁਸਤ ਸੀ ਤੇ ਉਸ ਨੂੰ ਆਮ ਬਲੱਡ ਪ੍ਰੈਸ਼ਰ ਤੋਂ ਇਲਾਵਾ ਕੋਈ ਹੋਰ ਬਿਮਾਰੀ ਨਹੀਂ ਸੀ। ਰਾਤ 8 ਵਜੇ ਉਨ੍ਹਾਂ ਨੂੰ ਦਿਲ ਦਾ ਦੌਰਾ ਪਿਆ ਤੇ ਅਚਾਨਕ ਹੀ ਉਨ੍ਹਾਂ ਦੀ ਮੌਤ ਹੋ ਗਈ।"
ਇਸ ਦੇ ਨਾਲ ਹੀ ਮੁਰਲੀ ਨੇ ਦੱਸਿਆ ਕਿ ਉਨ੍ਹਾਂ ਦੀ ਮਾਂ ਭਰਾ-ਭਰਜਾਈ ਨਾਲ ਨਵੀਂ ਮੁੰਬਈ ਵਿੱਚ ਰਹਿੰਦੀ ਸੀ। ਅਦਾਕਾਰ ਨੇ ਕਿਹਾ, "ਤਾਲਾਬੰਦੀ ਕਾਰਨ ਮੈਂ ਆਪਣੀ ਮਾਂ ਨੂੰ ਤਕਰੀਬਨ ਢਾਈ ਮਹੀਨਿਆਂ ਤੋਂ ਨਹੀਂ ਮਿਲਿਆ। ਮੇਰੀ ਮਾਂ ਬਹੁਤ ਖ਼ੁਸ਼ ਸੀ ਕਿ ਅਸੀਂ ਉਨ੍ਹਾਂ ਨੂੰ ਮਿਲਣ ਲਈ ਅਗਲੇ 2-3 ਦਿਨਾਂ ਵਿੱਚ ਜਾ ਰਹੇ ਹਾਂ ਤੇ ਅਗਲੇ ਦਿਨ ਹੀ ਤਾਲਾਬੰਦੀ ਹੋ ਗਈ ਸੀ।"