ਮੁੰਬਈ: ਆਪਣੇ ਸੰਗੀਤ ਨਾਲ ਹਰ ਇੱਕ ਦੇ ਦਿਲ 'ਤੇ ਰਾਜ ਕਰਨ ਵਾਲੇ ਏ.ਆਰ ਰਹਿਮਾਨ ਦਾ ਜਨਮ 6 ਜਨਵਰੀ 1967 ਨੂੰ ਤਾਮਿਲਨਾਡੂ 'ਚ ਹੋਇਆ ਸੀ। ਸਿਰਫ਼ ਭਾਰਤ ਵਿੱਚ ਹੀ ਨਹੀਂ ਏ. ਆਰ ਰਹਿਮਾਨ ਦੇ ਗੀਤਾਂ ਨੂੰ ਪਸੰਦ ਕੀਤਾ ਜਾਂਦਾ ਬਲਕਿ ਉਨ੍ਹਾਂ ਦੇ ਗੀਤਾਂ ਨੂੰ ਵਿਦੇਸ਼ਾਂ ਵਿੱਚ ਚੰਗਾ ਹੁੰਘਾਰਾ ਮਿਲਦਾ ਹੈ। ਉਨ੍ਹਾਂ ਨੇ ਭਾਰਤੀ ਸੰਗੀਤ ਨੂੰ ਅੰਤਰਰਾਸ਼ਟਰੀ ਪੱਧਰ 'ਤੇ ਮਕਬੂਲਿਅਤ ਹਾਸਿਲ ਕਰਵਾਈ ਹੈ।
ਏ.ਆਰ ਰਹਿਮਾਨ ਦੇ ਨਾਂਅ ਦੀ ਕਹਾਣੀ
ਏ.ਆਰ ਰਹਿਮਾਨ ਦਾ ਅਸਲ ਨਾਂਅ ਏ.ਐਸ ਦਿਲੀਪ ਕੁਮਾਰ ਹੈ। 1989 'ਚ ਉਨ੍ਹਾਂ ਦੀ ਛੋਟੀ ਭੈਣ ਬਿਮਾਰ ਹੋ ਗਈ ਸੀ। ਉਸ ਦੇ ਬਚਨ ਦੀ ਉਮੀਦ ਬਿਲਕੁਲ ਨਾਂ ਦੇ ਬਰਾਬਰ ਸੀ। ਰਹਿਮਾਨ ਨੇ ਉਨ੍ਹਾਂ ਲਈ ਖ਼ੂਬ ਪ੍ਰਾਥਨਾ ਕੀਤੀ। ਉਨ੍ਹਾਂ ਨੇ ਦਰਗਾਹ 'ਚ ਜਾ ਕੇ ਦੁਆਵਾਂ ਵੀ ਕੀਤੀਆਂ। ਉਨ੍ਹਾਂ ਦੀ ਦੁਆ ਕਬੂਲ ਹੋਈ ਅਤੇ ਉਨ੍ਹਾਂ ਦੀ ਭੈਣ ਠੀਕ ਹੋ ਗਈ। ਇਸ ਤੋਂ ਬਾਅਦ ਰਹਿਮਾਨ ਨੇ ਇਸਲਾਮ ਕਬੂਲ ਕਰ ਲਿਆ।
ਦੂਜੇ ਪਾਸੇ, ਰਹਿਮਾਨ ਦੀ ਜੀਵਨੀ, 'ਦਿ ਸਪੀਰੀਟ ਆਫ਼ ਮਿਊਜ਼ਿਕ' ਕਿਤਾਬ 'ਚ ਇਹ ਲਿਖਿਆ ਗਿਆ ਹੈ ਕਿ ਉਨ੍ਹਾਂ ਨੇ ਕਿਸੇ ਜੋਤਿਸ਼ ਦੇ ਕਹਿਣ 'ਤੇ ਆਪਣਾ ਨਾਂਅ ਬਦਲਿਆ ਸੀ।
ਬਹੁਤ ਮੁਸ਼ਕਲ ਨਾਲ ਹੁੰਦਾ ਸੀ ਘਰ ਦਾ ਗੁਜ਼ਾਰਾ
ਸੁਰਾਂ ਦੇ ਬਾਦਸ਼ਾਹ ਰਹਿਮਾਨ 9 ਸਾਲ ਦੇ ਸਨ ਜਦੋਂ ਉਨ੍ਹਾਂ ਦੇ ਪਿਤਾ ਦਾ ਦੇਹਾਂਤ ਹੋਇਆ। ਘਰ ਦਾ ਗੁਜ਼ਾਰਾ ਕਰਨ ਲਈ ਏ.ਆਰ ਰਹਿਮਾਨ ਆਪਣੇ ਪਿਤਾ ਦੇ ਸਾਜ ਕਿਰਾਏ 'ਤੇ ਦੇਣ ਲਗ ਪਏ। ਏ.ਆਰ ਰਹਿਮਾਣ ਕੀਬੋਰਡ, ਪਿਆਨੋ, ਸਿੰਥੇਸਾਈਜ਼ਰ, ਹਰਮੋਨਿਅਮ ਅਤੇ ਗਿਟਾਰ ਵਰਗੇ ਸਾਜ ਵਜਾ ਲੈਂਦੇ ਹਨ। ਇੰਨ੍ਹਾਂ ਹੀ ਨਹੀਂ ਸਿੰਥੇਸਾਈਜ਼ਰ ਵਜਾਉਣ 'ਚ ਤਾਂ ਉਨ੍ਹਾਂ ਨੂੰ ਮਹਾਰਤ ਵੀ ਹਾਸਿਲ ਹੈ।
ਏ.ਆਰ ਰਹਿਮਾਨ ਦੀਆਂ ਪ੍ਰਾਪਤੀਆਂ
ਏ.ਆਰ ਰਹਿਮਾਨ ਨੇ ਕਰੀਬ 100 ਤੋਂ ਜ਼ਿਆਦਾ ਫ਼ਿਲਮੀ ਗੀਤਾਂ ਨੂੰ ਆਪਣੇ ਸੰਗੀਤ ਦੇ ਨਾਲ ਸ਼ਿੰਗਾਰਿਆ ਹੈ। ਇਸ ਸੂਚੀ 'ਚ 'ਰੰਗੀਲਾ' , 'ਰੋਜ਼ਾ', 'ਬੌਮਬੇ', 'ਦਿਲ ਸੇ', 'ਲਗਾਨ' , 'ਤਾਲ' ਆਦਿ ਦਾ ਨਾਂਅ ਸ਼ਾਮਿਲ ਹੈ। ਏ.ਆਰ ਰਹਿਮਾਨ ਇੱਕ ਅਜਿਹੇ ਸੰਗੀਤਕਾਰ ਹਨ ਜਿੰਨ੍ਹਾਂ ਨੇ ਦੋ ਆਸਕਰ ਐਵਾਰਡ ਆਪਣੇ ਨਾਂਅ ਕੀਤੇ ਹੋਏ ਹਨ। ਉਨ੍ਹਾਂ ਨੂੰ ਸਾਲ 2009 ਵਿੱਚ ਫ਼ਿਲਮ 'ਸਲਮਡੋਗ ਮਿਲਨਏਅਰ' ਲਈ ਦੋ ਆਸਕਰ ਪੁਰਸਕਾਰ ਮਿਲ ਚੁੱਕੇ ਹਨ।