ਹੈਦਰਾਬਾਦ: ਮੰਦੀ ਦੇ ਇਸ ਦੌਰ ਵਿੱਚ ਮੁਲਾਜ਼ਮਾਂ ਲਈ ਛਾਂਟੀ ਦੀ ਪ੍ਰਕਿਰਿਆ ਇੱਕ ਵੱਡਾ ਸੰਕਟ ਬਣ ਗਿਆ ਹੈ। ਹਾਲ ਹੀ 'ਚ ਅਮੇਜ਼ਨ, ਮੈਟਾ, ਮਾਈਕ੍ਰੋਸਾਫਟ ਵਰਗੀਆਂ ਵੱਡੀਆਂ ਕੰਪਨੀਆਂ ਨੇ ਵੱਡੇ ਪੱਧਰ 'ਤੇ ਲੋਕਾਂ ਨੂੰ ਨੌਕਰੀ ਤੋਂ ਕੱਢ ਦਿੱਤਾ ਸੀ। ਜਿਸ ਤੋਂ ਬਾਅਦ ਮਾੜੇ ਦੌਰ 'ਚੋਂ ਲੰਘ ਰਹੀ ਬ੍ਰਿਟਿਸ਼ ਟੈਲੀਕਾਮ ਕੰਪਨੀ ਵੋਡਾਫੋਨ ਹੁਣ ਆਪਣੇ ਕਰਮਚਾਰੀਆਂ ਨੂੰ ਬਾਹਰ ਦਾ ਰਸਤਾ ਦਿਖਾਉਣ ਦੀ ਤਿਆਰੀ 'ਚ ਹੈ। ਕੰਪਨੀ ਦੀ ਨਵੀਂ ਬੌਸ ਨੇ ਕਿਹਾ ਕਿ ਵੋਡਾਫੋਨ ਦੇ ਨਕਦ ਪ੍ਰਵਾਹ ਵਿੱਚ ਭਾਰੀ ਗਿਰਾਵਟ ਆਉਣ ਦੀ ਉਮੀਦ ਹੈ। ਇਸ ਸਾਲ ਲਗਭਗ 1.5 ਬਿਲੀਅਨ ਯੂਰੋ ਦੀ ਕਮੀ ਦਾ ਅਨੁਮਾਨ ਲਗਾਇਆ ਗਿਆ ਹੈ। ਡੇਲਾ ਵੈਲੇ ਨੇ ਕਿਹਾ ਕਿ ਪਿਛਲੇ ਮਹੀਨੇ ਪੱਕੇ ਤੌਰ 'ਤੇ ਨਿਯੁਕਤ ਕੀਤੇ ਗਏ ਲੋਕਾਂ ਅਤੇ ਕੰਪਨੀ ਦੀ ਕਾਰਗੁਜ਼ਾਰੀ ਚੰਗੀ ਨਹੀਂ ਰਹੀ ਹੈ।
11,000 ਕਰਮਚਾਰੀਆ ਦੀ ਛਾਂਟੀ ਕਰਨ ਦਾ ਫ਼ੈਸਲਾ: ਟੈਲੀਕਾਮ ਕੰਪਨੀ ਵੋਡਾਫੋਨ ਨੇ 11,000 ਨੌਕਰੀਆਂ ਨੂੰ ਖਤਮ ਕਰਨ ਦਾ ਵੱਡਾ ਫੈਸਲਾ ਲਿਆ ਹੈ। ਜੋ ਕਿ ਦੂਰਸੰਚਾਰ ਉਦਯੋਗ ਵਿੱਚ ਸਭ ਤੋਂ ਵੱਡੀ ਛਾਂਟੀ ਵਿੱਚੋਂ ਇੱਕ ਹੋਵੇਗੀ। ਇਸ ਤੋਂ ਪਹਿਲਾਂ ਦੂਰਸੰਚਾਰ ਉਪਕਰਨ ਨਿਰਮਾਤਾ ਕੰਪਨੀ ਐਰਿਕਸਨ ਨੇ 8500 ਲੋਕਾਂ ਨੂੰ ਨੌਕਰੀ ਤੋਂ ਕੱਢ ਦਿੱਤਾ ਸੀ।
ਅਗਲੇ 3 ਸਾਲਾਂ ਵਿੱਚ ਦੁਨੀਆ ਭਰ ਵਿੱਚ 11,000 ਕਰਮਚਾਰੀਆਂ ਦੀ ਛਾਂਟੀ: ਛਾਂਟੀ ਦੇ ਫੈਸਲੇ 'ਤੇ ਵੋਡਾਫੋਨ ਦੀ ਸੀਈਓ ਮਾਰਗਰਿਟਾ ਡੇਲਾ ਵੈਲੇ ਦੇ ਅਨੁਸਾਰ, ਟੈਲੀਕਾਮ ਕੰਪਨੀ ਅਗਲੇ 3 ਸਾਲਾਂ ਵਿੱਚ ਦੁਨੀਆ ਭਰ ਵਿੱਚ 11,000 ਕਰਮਚਾਰੀਆਂ ਦੀ ਛਾਂਟੀ ਕਰੇਗੀ। ਸੀਈਓ ਨੇ ਕਿਹਾ ਕਿ ਸਾਡਾ ਪ੍ਰਦਰਸ਼ਨ ਬਹੁਤ ਵਧੀਆ ਨਹੀਂ ਰਿਹਾ। ਕੰਪਨੀ ਨੂੰ ਨਵੇਂ ਵਿੱਤੀ ਸਾਲ 'ਚ ਆਪਣੀ ਕਮਾਈ 'ਚ ਘੱਟ ਜਾਂ ਕੋਈ ਵਾਧਾ ਦੇਖਣ ਦੀ ਉਮੀਦ ਹੈ।
ਪਹਿਲਾ ਵੀ ਹੋ ਚੁੱਕੀ ਛਾਂਟੀ: ਤੁਹਾਨੂੰ ਦੱਸ ਦੇਈਏ ਕਿ ਵੋਡਾਫੋਨ ਨੇ ਹਾਲ ਹੀ ਵਿੱਚ ਆਪਣੇ ਕਈ ਪ੍ਰਮੁੱਖ ਬਾਜ਼ਾਰਾਂ ਵਿੱਚ ਨੌਕਰੀਆਂ ਵਿੱਚ ਕਟੌਤੀ ਕੀਤੀ ਸੀ। ਇਸ ਸਾਲ ਦੇ ਸ਼ੁਰੂ ਵਿੱਚ ਇਟਲੀ ਵਿੱਚ 1000 ਕਰਮਚਾਰੀਆ ਦੀ ਛਾਂਟੀ ਕੀਤੀ ਗਈ ਸੀ। ਇਸ ਤੋਂ ਇਲਾਵਾ ਇੱਕ ਮੀਡੀਆ ਰਿਪੋਰਟ ਵਿੱਚ ਦਾਅਵਾ ਕੀਤਾ ਗਿਆ ਹੈ ਕਿ ਕੰਪਨੀ ਜਰਮਨੀ ਵਿੱਚ ਕਰੀਬ 1300 ਲੋਕਾਂ ਦੀ ਕਟੌਤੀ ਕਰਨ ਦੀ ਯੋਜਨਾ ਬਣਾ ਰਹੀ ਹੈ।