ਸਾਨ ਫਰਾਂਸਿਸਕੋ: ਕੈਲੀਫੋਰਨੀਆ ਵਿੱਚ ਆਪਣੀ ਜ਼ਿੰਦਗੀ ਦਾ ਵਧੇਰਾ ਸਮਾਂ ਬਿਤਾਉਣ ਤੋਂ ਬਾਅਦ, ਟੈਸਲਾ ਅਤੇ ਸਪੇਸਐਕਸ ਦੇ ਸੀਈਓ ਏਲਨ ਮਸਕ ਆਖ਼ਰਕਾਰ ਟੈਕਸਾਸ ਸ਼ਿਫਟ ਹੋ ਗਏ ਹਨ। ਉਨ੍ਹਾਂ ਨੇ ਕੈਲੀਫੋਰਨੀਆ ਨੂੰ ਅਸੰਤੁਸ਼ਟ ਅਤੇ ਬੇਪਰਵਾਹ ਕਿਹਾ ਹੈ।
ਵਾਲ ਸਟ੍ਰੀਟ ਜਰਨਲ ਦੇ ਸਾਲਾਨਾ ਸੀਈਓ ਕੌਂਸਲ ਸੰਮੇਲਨ ਲਈ ਇੱਕ ਇੰਟਰਵਿਊ ਦੇ ਦੌਰਾਨ, ਮਸਕ ਨੇ ਪਹਿਲੀ ਵਾਰ ਖੁਲਾਸਾ ਕੀਤਾ, "ਕੈਲੀਫੋਰਨੀਆ ਲੰਬੇ ਸਮੇਂ ਤੋਂ ਜਿੱਤਦਾ ਆ ਰਿਹਾ ਹੈ ਅਤੇ ਮੈਨੂੰ ਲਗਦਾ ਹੈ ਕਿ ਉਹ ਇਸਨੂੰ ਹਲਕੇ 'ਚ ਲੈ ਰਹੇ ਹਨ।"
ਕੈਲੀਫੋਰਨੀਆ ਦੇ ਆਰਥਿਕ ਵਾਤਾਵਰਣ ਦੀ ਅਲੋਚਨਾ ਕਰਦਿਆਂ, ਮਸਕ ਨੇ ਕਿਹਾ, "ਜੇ ਕੋਈ ਟੀਮ ਲੰਬੇ ਸਮੇਂ ਤੋਂ ਜਿੱਤ ਰਹੀ ਹੁੰਦੀ ਹੈ, ਤਾਂ ਉਹ ਅਸੰਤੁਸ਼ਟ ਹੋ ਜਾਂਦੀ ਹੈ।"
'ਦ ਵਰਜ਼' ਦੀ ਰਿਪੋਰਟ ਅਨੁਸਾਰ, ਮਸਕ ਨੇ ਕਿਹਾ ਕਿ ਸਿਲਿਕਾਨ ਵੈਲੀ ਦੀ ਸਮਰੱਥਾ 'ਚ ਗਿਰਾਵਟ ਆਈ ਹੈ।
ਇਸ ਤੋਂ ਪਹਿਲਾਂ ਰਿਪੋਰਟ ਆਈ ਸੀ ਕਿ ਉਨ੍ਹਾਂ ਨੇ ਕੈਲੀਫੋਰਨੀਆ 'ਚ ਸਾਰੀ ਜਾਇਦਾਦ ਨੂੰ 6.25 ਮਿਲੀਅਨ ਡਾਲਰ ਵਿੱਚ ਵੇਚੀ ਹੈ।
ਪਿਛਲੇ ਹਫਤੇ, ਸੀਐਨਬੀਸੀ ਨੇ ਰਿਪੋਰਟ ਦਿੱਤੀ ਕਿ ਮਸਕ ਕੈਲੀਫੋਰਨੀਆ ਛੱਡ ਕੇ ਟੈਕਸਾਸ ਜਾਣ ਦੀ ਯੋਜਨਾ ਬਣਾ ਰਿਹਾ ਹੈ, ਜਿੱਥੇ ਰਾਜ ਦਾ ਆਮਦਨੀ ਟੈਕਸ ਨਹੀਂ ਦੇਣਾ ਪੈਂਦਾ, ਇਹ ਇੱਕ ਅਜਿਹਾ ਕਦਮ ਹੈ ਜਿਸ ਨਾਲ ਉਹ ਅਰਬਾਂ-ਖਰਬਾਂ ਦੀ ਬਚਤ ਕਰ ਸਕਦੇ ਹਨ।