ਲੁਧਿਆਣਾ: ਦੇਸ਼ ਭਰ ਵਿੱਚ ਵਾਤਾਵਰਣ ਨੂੰ ਸੁਰੱਖਿਅਤ ਰੱਖਣ ਤੇ ਇਸ ਦੀ ਸਾਂਭ-ਸੰਭਾਲ ਲਈ ਸਰਕਾਰਾਂ ਦੇ ਨਾਲ-ਨਾਲ ਹੁਣ ਆਮ ਲੋਕ ਵੀ ਅੱਗੇ ਆ ਰਹੇ ਹਨ। ਵਧਦੀ ਆਧੁਨਿਕਤਾ ਤੇ ਸਾਡੀਆਂ ਜ਼ਰੂਰਤਾਂ ਵਿੱਚ ਪੈਦਾ ਹੋ ਰਹੇ ਬਦਲਾਅ ਤੇ ਬੇਤਹਾਸ਼ਾ ਵਾਧੇ ਨੇ ਇਲੈਕਟ੍ਰਿਕ ਵਾਹਨਾਂ ਨੂੰ ਖ਼ਰੀਦ 'ਚ ਵਾਧਾ ਕੀਤਾ ਹੈ। ਇਸ ਗੱਲ ਦੀ ਪੁਸ਼ਟੀ ਕਰਨ ਲਈ ਈਟੀਵੀ ਭਾਰਤ ਦੀ ਟੀਮ ਲੁਧਿਆਣਾ ਦੀ ਏਵੰਨ ਕੰਪਨੀ ਦੇ ਯੂਨਿਟ 'ਚ ਪਹੁੰਚੀ, ਜਿਥੇ ਇਲੈਕਟ੍ਰਿਕ ਵਾਹਨ ਬਣਦੇ ਹਨ।
ਇਸ ਵਿੱਚ ਕੋਈ ਦੋ-ਰਾਇ ਨਹੀਂ ਕਿ ਨਾ ਸਿਰਫ਼ ਭਾਰਤ ਦਾ ਬਲਕਿ ਸੰਸਾਰ ਭਰ ਦਾ ਭਵਿੱਖ ਇਲੈਕਟ੍ਰਿਕ ਵਾਹਨਾਂ ਦਾ ਹੀ ਹੈ। SOCIETY OF MANUFACTURERS OF ELECTRIC VEHICLES ਦੀ ਇੱਕ ਰਿਪੋਰਟ ਦੇ ਮੁਤਾਬਕ 2022 ਤੱਕ ਭਾਰਤ ਵਿੱਚ ਇਲੈਕਟ੍ਰਾਨਿਕ ਵਾਹਨਾਂ ਦੀ ਖ਼ਰੀਦ ਪੈਟਰੋਲ ਅਤੇ ਡੀਜ਼ਲ ਵਾਹਨਾਂ ਨਾਲੋਂ ਵਧ ਸਕਦੀ ਹੈ।
ਇੱਕ ਅੰਦਾਜ਼ੇ ਮੁਤਾਬਕ 2019-20 ਦਰਮਿਆਨ ਇਲੈਕਟ੍ਰਿਕ ਵਾਹਨਾਂ ਦੀ ਵਿਕਰੀ ਵਿੱਚ 20 ਫ਼ੀਸਦੀ ਦਾ ਵਾਧਾ ਹੋਇਆ ਹੈ।
2008 ਵਿੱਚ ਸਥਾਪਿਤ ਏਵੰਨ ਦੇ ਪਲਾਂਟ ਵਿੱਚ ਪਿਛਲੇ ਕੁਝ ਸਾਲਾ ਤੋਂ ਦੋ-ਪਹੀਆ ਤੇ ਤਿੰਨ-ਪਹੀਆ ਇਲੈਕਟ੍ਰਿਕ ਵਾਹਨ ਬਣਾਉਣ 'ਤੇ ਜ਼ੋਰ ਦਿੱਤਾ ਜਾ ਰਿਹਾ ਹੈ। ਕੰਪਨੀ ਦਾ ਮਕਸਦ ਲੋਕਾਂ ਤੱਕ ਵਧੀਆ ਤੇ ਟਿਕਾਊ ਵਾਹਨ ਮੁਹੱਈਆ ਕਰਵਾਉਣਾ ਹੈ।
ਕੱਚੇ ਤੇਲ ਦੀਆਂ ਵਧਦੀਆਂ ਕੀਮਤਾਂ ਤੇ ਆਲਮੀ ਤਪਸ਼ ਨੇ ਇਸ ਗੱਲ 'ਤੇ ਜ਼ੋਰ ਦਿੱਤਾ ਹੈ ਕਿ ਜੇਕਰ ਹਰ ਸਾਲ ਕਰੋੜਾਂ ਦੀ ਗਿਣਤੀ ਵਿੱਚ ਵਧਦੇ ਵਾਹਨਾਂ ਦੀ ਗਿਣਤੀ ਨੂੰ ਕਾਬੂ ਨਾ ਕੀਤਾ ਗਿਆ ਤਾਂ ਉਹ ਦਿਨ ਦੂਰ ਨਹੀਂ ਜਦੋਂ ਧਰਤੀ ਉੱਤੇ ਮਨੁੱਖ ਲਈ ਰਹਿਣਾ ਸਚਮੁੱਚ ਔਖਾ ਹੋ ਜਾਵੇਗਾ।