ਮੋਗਾ: ਸਰਕਾਰ ਨੇ ਕੋਰੋਨਾ ਦੇ ਕਹਿਰ ਨੂੰ ਰੋਕਣ ਲਈ ਜਨਤਕ ਥਾਵਾਂ 'ਤੇ ਵਿਚਰਦੇ ਸਮੇਂ ਹਰ ਨਾਗਰਿਕ ਲਈ ਮਾਸਕ ਦੀ ਵਰਤੋਂ ਲਾਜ਼ਮੀ ਕੀਤੀ ਹੈ। ਇਸ ਮਾਸਕ ਦੀ ਆੜ ਵਿੱਚ ਕਈ ਗੈਰ-ਸਮਾਜਿਕ ਲੋਕ ਅਪ੍ਰਾਧਿਕ ਵਾਰਦਾਤਾਂ ਨੂੰ ਵੀ ਅੰਜ਼ਾਮ ਦੇ ਰਹੇ ਹਨ। ਕੁਝ ਇਸੇ ਤਰ੍ਹਾਂ ਦੀ ਹੀ ਇੱਕ ਘਟਨਾ ਮੋਗਾ ਸ਼ਹਿਰ ਦੇ ਅੰਮ੍ਰਿਤਸਰ ਰੋਡ 'ਤੇ ਵੇਖਣ ਨੂੰ ਮਿਲੀ। ਇੱਥੇ ਇੱਕ ਪੱਤਰਕਾਰ ਜੋਗਿੰਦਰ ਸਿੰਘ ਗਿੱਲ ਦਾ ਮੋਟਰ-ਸਾਈਕਲ ਮੂੰਹ ਸਿਰ ਬੰਨ੍ਹੀ ਨੌਜਵਾਨ ਚੋਰੀ ਕਰਕੇ ਤਿੱਤਰ ਹੋ ਗਿਆ। ਇਸ ਵਾਰਦਾਤ ਦੀ ਸਾਰੀ ਰਿਕਾਡਿੰਗ ਨੇੜੇ ਦੁਕਾਨ ਵਿੱਚ ਲੱਗੇ ਸੀਸੀਟੀਵੀ ਕੈਮਰੇ ਵਿੱਚ ਵੀ ਕੈਦ ਹੋਈ ਹੈ।
ਜੋਗਿੰਦਰ ਗਿੱਲ ਨੇ ਸਾਰੀ ਘਟਨਾ ਬਾਰੇ ਗੱਲ ਕਰਦੇ ਹੋਏ ਕਿਹਾ ਕਿ ਉਨ੍ਹਾਂ 11 ਵਜੇ ਦੇ ਕਰੀਬ ਆਪਣਾ ਮੋਟਰਸਾਈਕਲ ਬੈਂਕ ਦੇ ਸਾਹਮਣੇ ਖੜ੍ਹਾਅ ਕੇ ਬਜਾਜ ਦੇ ਦਫ਼ਤਰ ਵਿੱਚ ਕੰਮ ਗਿਆ ਸੀ । ਜਦੋਂ ਮੈਂ 10 ਕੁ ਮਿੰਟ ਬਾਅਦ ਵਾਪਸ ਆਇਆ ਤਾਂ ਵੇਖਿਆ ਕਿ ਮੇਰਾ ਮੋਟਰਸਾਈਕਲ ਚੋਰੀ ਹੋ ਚੁੱਕਾ ਹੈ। ਜਦੋਂ ਮੈਂ ਸਾਹਮਣੇ ਲੱਗੇ ਕੈਮਰੇ ਦੀ ਫੂਟਿਜ ਕਢਵਾਈ ਤਾਂ ਉਸ ਰਾਹੀਂ ਪਤਾ ਲੱਗਿਆ ਕਿ ਇੱਕ ਪੀਲੇ ਪਰਨੇ ਨਾਲ ਮੂੰਹ ਸਿਰ ਬਨ੍ਹੀ ਨੌਜਵਾਨ ਮੇਰਾ ਮੋਟਰਸਾਈਕਲ ਸਾਈਕਲ ਚੋਰੀ ਕਰ ਕੇ ਲੈ ਗਿਆ। ਉਨ੍ਹਾਂ ਕਿਹਾ ਕਿ ਉਨ੍ਹਾਂ ਨੇ ਇਸ ਦੀ ਸ਼ਿਕਾਇਤ ਪੁਸਿਲ ਨੂੰ ਦਿੱਤੀ ਹੈ।
ਇਸ ਬਾਰੇ ਜਦੋਂ ਡੀਐੱਸਪੀ ਸਿਟੀ ਬਲਜਿੰਦਰ ਸਿੰਘ ਭੁੱਲਰ ਨਾਲ ਗੱਲ ਕੀਤਾ ਤਾਂ ਉਨ੍ਹਾਂ ਨੇ ਕਿਹਾ ਐਸਐਸਪੀ ਹਰਮਨਬੀਰ ਸਿੰਘ ਗਿੱਲ ਦੇ ਹੁਕਮਾਂ ਤਹਿਤ ਪੁਲਿਸ ਮਾਸਕ ਦੀ ਆੜ 'ਚ ਗੈਰ ਸਮਾਜਿਕ ਕੰਮ ਕਰਨ ਵਾਲਿਆਂ 'ਤੇ ਸ਼ਕੰਜਾ ਕੱਸ ਰਹੀ ਹੈ। ਉਨ੍ਹਾਂ ਕਿਹਾ ਕਿ ਨੌਜਵਾਨ ਜੋ ਕਿ ਖਾਸ ਤਰੀਕੇ ਨਾਲ ਮੂੰਹ ਬੰਨ੍ਹ ਕੇ ਰੱਖਦੇ ਉਨ੍ਹਾਂ ਦੀ ਪੁਲਿਸ ਫੋਟੋ ਖਿੱਚ ਰਹੀ ਹੈ ਅਤੇ ਪੂਰੀ ਤਫਤੀਸ਼ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਇਸ ਵਾਰਦਾਤ ਦੇ ਮੁਲਜ਼ਮ ਨੂੰ ਵੀ ਜਲਦ ਕਾਬੂ ਕੀਤਾ ਜਾਵੇਗਾ।