ਜਲੰਧਰ: ਸ਼ਹਿਰ ਦੀ ਬਸਤੀ ਪੀਰਦਾਦ ਵਿੱਚ ਪਾਣੀ ਦੇ ਕੁਨੈਕਸ਼ਨ ਨੂੰ ਲੈ ਕੇ ਹੋਏ ਵਿਵਾਦ ਵਿੱਚ ਗੋਲੀ ਚੱਲਣ ਦੀ ਖ਼ਬਰ ਸਾਹਮਣੇ ਆਈ ਹੈ। ਇਸ ਮਾਮਲੇ ਵਿੱਚ ਕਾਂਗਰਸੀ ਕੌਂਸਲਰ ਅਤੇ ਦੂਜੀ ਧਿਰ ਦੇ ਲੋਕਾਂ ਦੇ ਜ਼ਖਮੀ ਹੋਣ ਦੀ ਵੀ ਖ਼ਬਰ ਹੈ।
ਜਾਣਕਾਰੀ ਅਨੁਸਾਰ ਕਾਂਗਰਸੀ ਕੌਂਸਲਰ ਲਖਬੀਰ ਸਿੰਘ ਬਾਜਵਾ ਦੇ ਰਿਸ਼ੇਦਾਰਾਂ ਨੇ ਪਾਣੀ ਦਾ ਕੁਨੈਕਸ਼ਨ ਲੈਣਾ ਸੀ। ਇਸ ਗੱਲ ਨੂੰ ਲੈ ਕੇ ਮੁਹੱਲੇ ਦੇ ਕੁਝ ਲੋਕਾਂ ਵੱਲੋਂ ਇਸ 'ਤੇ ਇਤਰਾਜ ਜਤਾਇਆ ਜਾ ਰਿਹਾ ਹੈ। ਇਸੇ ਦੌਰਾਨ ਹੀ ਬਾਜਵਾ ਆਪਣੇ ਪੁੱਤਰ ਅਤੇ ਸਾਥੀਆਂ ਨਾਲ ਉੱਥੇ ਪਹੁੰਚੇ ਸਨ। ਇਸੇ ਦੌਰਾਨ ਹੀ ਦੋਵੇਂ ਧਿਰਾਂ ਵਿਚਕਾਰ ਝੜਪ ਹੋ ਗਈ। ਦੂਜੀ ਧਿਰ ਬਾਜਵਾ ਧੜ੍ਹੇ 'ਤੇ ਗੋਲੀ ਚਲਾਉਣ ਦੇ ਇਲਜ਼ਾਮ ਲਗਾ ਰਹੀ ਹੈ।
ਇਸ ਬਾਰੇ ਕਾਂਗਰਸੀ ਕੌਂਸਲਰ ਲਖਬੀਰ ਬਾਜਵਾ ਨੇ ਦੱਸਿਆ ਕਿ ਉਹ ਦੂਜੀ ਧਿਰ ਨੂੰ ਸਮਝਾਉਣ ਲਈ ਆਏ ਸਨ। ਉਨ੍ਹਾਂ ਨੇ ਕਿਹਾ ਕਿ ਇਸੇ ਦੌਰਾਨ ਹੀ ਦੂਜੀ ਧਿਰ ਨੇ ਉਨ੍ਹਾਂ 'ਤੇ ਹਮਲਾ ਕਰਕੇ ਉਨ੍ਹਾਂ ਨੂੰ ਗੰਭੀਰ ਜ਼ਖਮੀ ਕਰ ਦਿੱਤਾ ਹੈ। ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਦੇ ਪੁੱਤਰ ਤੋਂ ਦੂਜੀ ਧਿਰ ਨੇ ਪਿਸਤੌਲ ਖੋਹ ਕੇ ਗੋਲੀ ਵੀ ਚਲਾਈ ਹੈ।
ਇਸ ਸਾਰੇ ਮਾਮਲੇ ਬਾਰੇ ਏਸੀਪੀ ਬਲਵਿੰਦਰ ਸਿੰਘ ਨੇ ਦੱਸਿਆ ਕਿ ਪੁਲਿਸ ਨੇ ਮੌਕੇ 'ਤੇ ਪਹੁੰਚ ਕੇ ਮਹੌਲ ਨੂੰ ਸ਼ਾਂਤ ਕਰਵਾਇਆ ਹੈ। ਉਨ੍ਹਾਂ ਕਿਹਾ ਕਿ ਸਾਰੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਜੋ ਵੀ ਮੁਲਜ਼ਮ ਪਾਇਆ ਗਿਆ ਉਸ ਵਿਰੁੱਧ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।