ਸੰਗਰੂਰ : ਬੀਤੇ ਦਿਨ ਸੰਗਰੂਰ ਜੇਲ 'ਚ ਇੱਕ ਕੈਦੀ ਦੀ ਮੌਤ ਹੋ ਗਈ। ਜੇਲ ਅੰਦਰ ਦੇ ਭੇਤ ਭਰੇ ਹਲਾਤਾਂ 'ਚ ਮੌਤ ਹੋਣ ਕਾਰਨ ਮ੍ਰਿਤਕ ਪਰਿਵਾਰ ਨੇ ਸ਼ੱਕ ਪ੍ਰਗਟਾਇਆ ਹੈ। ਮ੍ਰਿਤਕ ਦੇ ਪਰਿਵਾਰਕ ਨੇ ਪੁਲਿਸ 'ਤੇ ਉਸ ਨਾਲ ਕੁੱਟਮਾਰ ਕਰਨ ਤੇ ਸਿਵਲ ਹਸਪਤਾਲ ਸੰਗਰੂਰ ਦੇ ਡਾਕਟਰਾਂ ਵੱਲੋਂ ਇਲਾਜ ਦੇ ਦੌਰਾਨ ਲਾਪਰਵਾਹੀ ਦੇ ਦੋਸ਼ ਲਾਏ ਹਨ।
ਮ੍ਰਿਤਕ ਦੇ ਪਰਿਵਾਰਕ ਨੇ ਹਸਪਤਾਲ ਦੇ ਬਾਹਰ ਰੋਸ ਪ੍ਰਦਰਸ਼ਨ ਕੀਤਾ। ਉਨ੍ਹਾਂ ਪੰਜਾਬ ਪੁਲਿਸ ਤੇ ਸਿਵਲ ਹਸਪਤਾਲ ਦੇ ਡਾਕਟਰਾਂ ਖਿਲਾਫ ਨਾਅਰੇਬਜ਼ੀ ਕੀਤੀ।
ਮ੍ਰਿਤਕ ਦੀ ਪਛਾਣ ਵਿਜੇ ਕੁਮਾਰ ਵਜੋਂ ਹੋਈ ਹੈ। ਮ੍ਰਿਤਕ ਦੇ ਭਰਾ ਨੇ ਦੱਸਿਆ ਕਿ ਵਿਜੇ ਨੂੰ ਪਟਿਆਲਾ ਪੁਲਿਸ ਨੇ ਸ਼ਰਾਬ ਮਾਮਲੇ ਨੂੰ ਲੈ ਕੇ ਗ੍ਰਿਫ਼ਤਾਰ ਕੀਤਾ ਸੀ। ਪੁਲਿਸ ਵੱਲੋਂ ਵਿਜੇ ਨਾਲ ਨਜਾਇਜ਼ ਕੁੱਟਮਾਰ ਕੀਤੀ ਜਾਂਦੀ ਸੀ ਤੇ ਬਾਅਦ 'ਚ ਉਸ ਨੂੰ ਸੰਗਰੂਰ ਜੇਲ 'ਚ ਭੇਜ ਦਿੱਤਾ ਗਿਆ। ਵਿਜੇ ਨੂੰ ਪੇਟ ਦਰਦ ਦੀ ਸ਼ਿਕਾਇਤ ਸੀ, ਪੁਲਿਸ ਤੋਂ ਸੂਚਨਾ ਮਿਲਣ 'ਤੇ ਪਰਿਵਾਰ ਨੇ ਉਸ ਨੂੰ ਸਿਵਲ ਹਸਪਤਾਲ ਸੰਗਰੂਰ ਦਾਖਲ ਕਰਵਾਇਆ, ਪਰ ਉਥੇ ਉਸ ਨੂੰ ਸਹੀ ਇਲਾਜ ਨਾਂ ਮਿਲਣ ਕਾਰਨ ਉਸ ਦੀ ਮੌਤ ਹੋ ਗਈ। ਪੀੜਤ ਪਰਿਵਾਰ ਨੇ ਇਸ ਮਾਮਲੇ 'ਚ ਲਾਪਵਾਹੀ ਕਰਨ ਵਾਲੇ ਡਾਕਟਰਾਂ ਤੇ ਪੁਲਿਸ ਮੁਲਾਜ਼ਮਾਂ ਖਿਲਾਫ ਕਾਰਵਾਈ ਕਰਨ ਦੀ ਮੰਗ ਕੀਤੀ ਹੈ।
ਉਥੇ ਹੀ ਦੂਜੇ ਪਾਸੇ ਸਿਵਲ ਹਸਪਤਾਲ ਦੇ ਡਾਕਟਰਾਂ ਦਾ ਕਹਿਣਾ ਹੈ ਕਿ ਪਹਿਲਾਂ ਜਦ ਮਰੀਜ਼ ਨੂੰ ਉਨ੍ਹਾਂ ਕੋਲ ਲਿਆਂਦਾ ਗਿਆ ਤਾਂ ਉਸ ਦਾ ਇਲਾਜ ਕੀਤਾ ਗਿਆ। ਮ੍ਰਿਤਕ ਮਰੀਜ਼ ਨੂੰ ਪੱਥਰੀ ਦੀ ਸਮੱਸਿਆ ਸੀ। ਦੂਜੀ ਵਾਰ ਪੁਲਿਸ ਮ੍ਰਿਤਕ ਨੂੰ ਹਸਪਤਾਲ ਲੈ ਕੇ ਆਈ, ਪਰ ਉਦੋਂ ਤੱਕ ਉਸ ਦੀ ਮੌਤ ਹੋ ਚੁੱਕੀ ਸੀ।
ਇਸ ਮੌਕੇ 'ਤੇ ਪਹੁੰਚੇ ਸੰਗਰੂਰ ਦੇ ਡੀਐਸਪੀ ਸੱਤਪਾਲ ਸ਼ਰਮਾ ਨੇ ਦੱਸਿਆ ਕਿ ਜੱਜ ਸਾਹਿਬ ਦੀ ਹਾਜ਼ਰੀ 'ਚ ਮ੍ਰਿਤਕ ਦਾ ਪੋਸਟਮਾਰਟਮ ਕਰਵਾਇਆ ਜਾਵੇਗਾ। ਉਨ੍ਹਾਂ ਕਿਹਾ ਕਿ ਪੁਲਿਸ ਵੱਲੋਂ ਮਾਮਲੇ ਦੀ ਜਾਂਚ ਜਾਰੀ ਹੈ। ਜਾਂਚ ਦੇ ਅਧਾਰ 'ਤੇ ਮੁਲਜ਼ਮ ਪਾਏ ਜਾਣ ਵਾਲਿਆਂ ਖਿਲਾਫ ਸਖ਼ਤ ਕਾਰਵਾਈ ਕੀਤੀ ਜਾਵੇਗੀ।