ਜਲੰਧਰ: ਨਸ਼ਾ ਤਸਕਰੀ ਮਾਮਲੇ ਨੂੰ ਲੈ ਕੇ ਜਲੰਧਰ ਦਿਹਾਤੀ ਪੁਲਿਸ ਨੇ ਵੱਡੀ ਸਫ਼ਲਤਾ ਹਾਸਲ ਕੀਤੀ ਹੈ। ਪੁਲਿਸ ਨੇ ਇੱਕ ਕਾਂਗਰਸੀ ਵਰਕਰ ਅਤੇ ਉਸ ਦੀ ਧੀ ਤੇ ਜਵਾਈ ਨੂੰ ਨਸ਼ਾ ਤਸਕਰੀ ਦੇ ਮਾਮਲੇ 'ਚ ਗ੍ਰਿਫ਼ਤਾਰ ਕੀਤਾ ਹੈ। ਪੁਲਿਸ ਨੇ ਇਸ ਦੀ ਜਾਣਕਾਰੀ ਪ੍ਰੈਸ ਕਾਨਫਰੰਸ ਕਰ ਸਾਂਝੀ ਕੀਤੀ।
ਇਸ ਬਾਰੇ ਜਾਣਕਾਰੀ ਦਿੰਦੇ ਹੋਏ ਜਲੰਧਰ ਦਿਹਾਤੀ ਪੁਲਿਸ ਦੇ ਡੀਐਸਪੀ ਵਰਿੰਦਰ ਪਾਲ ਸਿੰਘ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਨਸ਼ੇ ਦੇ ਖਿਲਾਫ ਖ਼ਾਸ ਮੁਹਿੰਮ ਚਲਾਈ ਜਾ ਰਹੀ ਹੈ। ਇਸ ਦੇ ਤਹਿਤ ਐਸਐਚਓ ਲੋਹੀਆਂ ਵੱਲੋਂ ਗੁਪਤ ਸੂਚਨਾ ਦੇ ਆਧਾਰ 'ਤੇ ਰੇਡ ਕੀਤੀ ਗਈ। ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮਾਂ ਦੀ ਪਛਾਣ ਕਾਂਗਰਸੀ ਵਰਕਰ ਅਮਰਜੀਤ ਸਿੰਘ ਕੰਗ ਉਰਫ ਬੱਬੂ ਅਤੇ ਉਸ ਦੀ ਧੀ ਮਨਪ੍ਰੀਤ ਕੌਰ ਤੇ ਉਸ ਦੇ ਜਵਾਈ ਦਿਲਬਾਗ ਸਿੰਘ ਨੂੰ ਮੌਕੇ 'ਤੇ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਗ੍ਰਿਫ਼ਤਾਰੀ ਦੇ ਦੌਰਾਨ ਮੁਲਜ਼ਮਾਂ ਕੋਲੋਂ ਕੁੱਲ ਸਵਾ ਤਿੰਨ ਕਿਲੋਂ ਅਫੀਮ ਬਰਾਮਦ ਕੀਤੀ ਗਈ ਹੈ। ਉਨ੍ਹਾਂ ਦੱਸਿਆ ਕਿ ਇਸ ਤੋਂ ਪਹਿਲਾਂ ਲੋਹੀਆਂ ਦੇ ਨੇੜਲੇ ਇੱਕ ਵਿਅਕਤੀ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ, ਜਿਸ ਮਗਰੋਂ ਇਨ੍ਹਾਂ ਤਿੰਨਾਂ ਮੁਲਜ਼ਮਾਂ ਨੂੰ ਕਾਬੂ ਕੀਤਾ ਗਿਆ ਹੈ। ਪੁਲਿਸ ਵੱਲੋਂ ਮੁਲਜ਼ਮਾਂ ਦੇ ਖਿਲਾਫ ਕਾਰਵਾਈ ਜਾਰੀ ਹੈ।
ਅਜਿਹਾ ਦੱਸਿਆ ਜਾ ਰਿਹਾ ਹੈ ਕਿ ਮੁਲਜ਼ਮ ਅਮਰਜੀਤ ਸਿੰਘ ਕੰਗ ਇੱਕ ਕਾਂਗਰਸੀ ਵਰਕਰ ਹੈ। ਬੱਬੂ ਦੀ ਕਈ ਸਿਆਸੀ ਲੀਡਰਾਂ ਨਾਲ ਨੇੜਤਾ ਹੈ। ਜਿਸ 'ਚ ਮੁਖ ਮੰਤਰੀ ਕੈਪਟਨ ਅਮਿੰਰਦਰ ਸਿੰਘ, ਮਨਪ੍ਰੀਤ ਸਿੰਘ ਬਾਦਲ, ਕੈਪਟਨ ਸੰਦੀਪ, ਰਵਨੀਤ ਬਿਟੂ ਸਣੇ ਕਈ ਕਾਂਗਰਸੀ ਲੀਡਰਾਂ ਦੇ ਨਾਂਅ ਸ਼ਾਮਲ ਹਨ। ਇਸ ਤੋਂ ਇਲਾਵਾ ਇਨ੍ਹਾਂ ਲੀਡਰਾਂ ਦੇ ਨਾਲ ਉਸ ਦੀਆਂ ਤਸਵੀਰਾਂ ਵੀ ਹਨ।