ਜਿਨੇਵਾ: ਅਮਰੀਕਾ ਦੇ ਵਿਦੇਸ਼ ਮੰਤਰੀ ਐਂਟੋਨੀ ਬਲਿੰਕੇਨ ਨੇ ਸੋਮਵਾਰ ਨੂੰ ਕਿਹਾ ਕਿ ਉਨ੍ਹਾਂ ਦਾ ਦੇਸ਼ ਈਰਾਨ ਨਾਲ ਪ੍ਰਮਾਣੂ ਸਮਝੌਤੇ ‘ਤੇ ਵਾਪਸੀ ਲਈ ਤਿਆਰ ਹੈ, ਪਰ ਸ਼ਰਤ ਹੈ ਕਿ ਤਹਿਰਾਨ ਵੀ ਇਸ ‘ਤੇ ਸਖ਼ਤੀ ਨਾਲ ਪਾਲਣ ਕਰੇ।
ਵਾਸ਼ਿੰਗਟਨ ਨੇ ਮਹੱਤਵਪੂਰਣ ਸਮਝੋਤੇ ਨੂੰ ਮੁੜ ਸੁਰਜੀਤ ਕਰਨ ਦੇ ਸੰਕੇਤ ਦਿੱਤੇ ਹਨ। ਜਿਸ ਨੂੰ ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਖਾਰਜ ਕਰ ਦਿੱਤਾ ਸੀ। ਸੰਯੁਕਤ ਰਾਸ਼ਟਰ ਦੁਆਰਾ ਸਹਿਯੋਗੀ ਕਾਨਫਰੰਸ ਨੂੰ ਸੰਬੋਧਨ ਕਰਦਿਆਂ, ਬਲਿੰਕਨ ਨੇ ਤਬਾਹੀ ਮਚਾਉਣ ਵਾਲੇ ਹਥਿਆਰਾਂ ਦੇ ਪ੍ਰਸਾਰ ਅਤੇ ਭਵਿੱਖ ‘ਚ ਪੁਲਾੜ ਤੋਂ ਹੋਣ ਵਾਲੇ ਖਤਰਿਆਂ ਸਮੇਤ ਕਈ ਮੁੱਦਿਆਂ 'ਤੇ ਗੱਲ ਕੀਤੀ।
ਵਿਦੇਸ਼ ਮੰਤਰੀ ਨੇ ਈਰਾਨ 'ਤੇ ਦਿੱਤੇ ਸੰਦੇਸ਼ ਤੋਂ ਇਲਾਵਾ ਪਿਛਲੇ ਸਾਲ ਰੂਸ ਵਲੋਂ ਸੈਟੇਲਾਈਟ ਵਿਰੋਧੀ ਹਥਿਆਰਾਂ ਦੀ ਜਾਂਚ ਅਤੇ ਚੀਨ ਦੁਆਰਾ ਤਿਆਰ ਕੀਤੇ ਜਾ ਰਹੇ ਘਾਤਕ ਅਤੇ ਖਤਰਨਾਕ ਹਥਿਆਰਾਂ ਦੇ ਵਿਕਾਸ 'ਤੇ ਵੀ ਚਿੰਤਾ ਜ਼ਾਹਰ ਕੀਤੀ।
ਬਲਿੰਕੇਨ ਨੇ ਕਿਹਾ ਕਿ ਅਮਰੀਕਾ ਈਰਾਨ ਨਾਲ ਹੋਏ ਸਮਝੌਤੇ 'ਤੇ ਵਾਪਸੀ ਲਈ ਤਿਆਰ ਹੈ, ਪਰ ਈਰਾਨ ਨੂੰ ਵੀ ਇਸ ਦੀ ਸਖ਼ਤੀ ਨਾਲ ਪਾਲਣਾ ਕਰਨੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਸੰਯੁਕਤ ਰਾਜ ਹਮੇਸ਼ਾ ਇਹ ਯਕੀਨੀ ਬਣਾਉਣ ਲਈ ਵਚਨਬੱਧ ਰਹੇਗਾ ਕਿ ਈਰਾਨ ਕਦੇ ਵੀ ਪ੍ਰਮਾਣੂ ਹਥਿਆਰਾਂ ਦੀ ਪ੍ਰਾਪਤੀ ਨਾ ਕਰੇ ਅਤੇ ਇਸ ਟੀਚੇ ਨੂੰ ਪ੍ਰਾਪਤ ਕਰਨ ਲਈ ਕੂਟਨੀਤੀ ਸਭ ਤੋਂ ਉੱਤਮ ਥਾਂ ਹੈ।