ਜੋਹਾਨਸਬਰਗ— ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੱਖਣੀ ਅਫਰੀਕਾ ਦੇ ਤਿੰਨ ਦਿਨਾਂ ਸਰਕਾਰੀ ਦੌਰੇ 'ਤੇ ਮੰਗਲਵਾਰ ਨੂੰ ਇੱਥੇ ਪਹੁੰਚੇ। ਇਸ ਦੌਰਾਨ ਉਹ 15ਵੇਂ ਬ੍ਰਿਕਸ ਸੰਮੇਲਨ 'ਚ ਹਿੱਸਾ ਲੈਣਗੇ ਅਤੇ ਕਈ ਵਿਸ਼ਵ ਨੇਤਾਵਾਂ ਨਾਲ ਦੁਵੱਲੀ ਬੈਠਕ ਕਰਨਗੇ। ਮੋਦੀ ਰਾਸ਼ਟਰਪਤੀ ਸਿਰਿਲ ਰਾਮਾਫੋਸਾ ਦੇ ਸੱਦੇ 'ਤੇ 22 ਤੋਂ 24 ਅਗਸਤ ਤੱਕ ਦੱਖਣੀ ਅਫਰੀਕਾ ਦੇ ਦੌਰੇ 'ਤੇ ਹਨ। ਅਫਰੀਕਾ 2019 ਤੋਂ ਬਾਅਦ ਬ੍ਰਿਕਸ ਦੇਸ਼ਾਂ (ਬ੍ਰਾਜ਼ੀਲ, ਰੂਸ, ਭਾਰਤ, ਚੀਨ ਅਤੇ ਦੱਖਣੀ ਅਫਰੀਕਾ) ਦੇ ਪਹਿਲੇ ਸਿੱਧੇ ਸੰਮੇਲਨ ਦੀ ਮੇਜ਼ਬਾਨੀ ਕਰ ਰਿਹਾ ਹੈ। ਇਸ ਦੌਰਾਨ ਪੀਐਮ ਮੋਦੀ ਨੇ ਦੱਖਣੀ ਅਫਰੀਕਾ ਦੇ ਜੋਹਾਨਸਬਰਗ ਵਿੱਚ ਬ੍ਰਿਕਸ ਬਿਜ਼ਨਸ ਫੋਰਮ ਵਿੱਚ ਹਿੱਸਾ ਲਿਆ। ਇਸ ਤੋਂ ਇਲਾਵਾ ਚੰਦਰਯਾਨ-3 ਦੀ ਲੈਂਡਿੰਗ ਦੌਰਾਨ ਪੀਐਮ ਮੋਦੀ ਡਿਜੀਟਲ ਮਾਧਿਅਮ ਰਾਹੀਂ ਜੁੜਨਗੇ।
ਵੱਖ-ਵੱਖ ਮੁੱਦਿਆਂ 'ਤੇ ਚਰਚਾ: ਮੰਗਲਵਾਰ ਸਵੇਰੇ ਦੱਖਣੀ ਅਫਰੀਕਾ ਲਈ ਰਵਾਨਾ ਹੋਣ ਤੋਂ ਪਹਿਲਾਂ ਇੱਥੇ ਇੱਕ ਬਿਆਨ ਵਿੱਚ ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਬ੍ਰਿਕਸ ਦੇਸ਼ ਵੱਖ-ਵੱਖ ਖੇਤਰਾਂ ਵਿੱਚ ਮਜ਼ਬੂਤ ਸਹਿਯੋਗ ਏਜੰਡਾ ਅਪਣਾ ਰਹੇ ਹਨ। ਉਨ੍ਹਾਂ ਕਿਹਾ ਕਿ ਸਾਡਾ ਮੰਨਣਾ ਹੈ ਕਿ ਬ੍ਰਿਕਸ ਪੂਰੇ ਗਲੋਬਲ ਦੱਖਣ ਲਈ ਚਿੰਤਾ ਦੇ ਵੱਖ-ਵੱਖ ਮੁੱਦਿਆਂ 'ਤੇ ਚਰਚਾ ਅਤੇ ਵਿਚਾਰ-ਵਟਾਂਦਰੇ ਲਈ ਇੱਕ ਪਲੇਟਫਾਰਮ ਬਣ ਗਿਆ ਹੈ, ਜਿਸ ਵਿੱਚ ਵਿਕਾਸ ਦੀਆਂ ਜ਼ਰੂਰਤਾਂ ਅਤੇ ਬਹੁਪੱਖੀ ਪ੍ਰਣਾਲੀ ਦੇ ਸੁਧਾਰ ਸ਼ਾਮਲ ਹਨ।
ਪ੍ਰਧਾਨ ਮੰਤਰੀ ਨੇ ਕੀਤਾ ਟਵੀਟ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੱਖਣੀ ਅਫ਼ਰੀਕਾ ਲਈ ਰਵਾਨਾ ਹੋਣ ਤੋਂ ਪਹਿਲਾ ਟਵੀਟ ਕੀਤਾ ਕਿ ਦੱਖਣੀ ਅਫ਼ਰੀਕਾ ਦੇ ਰਾਸ਼ਟਰਪਤੀ ਸਿਿਰਲ ਰਾਮਾਫ਼ੋਸਾ ਨੇ ਮੋਦੀ ਨੂੰ ਸੱਦਾ ਦਿੱਤਾ ਸੀ । ਉਨਹਾਂ ਕਿਹਾ ਇਹ ਸੰਮੇਲਨ ਬ੍ਰਿਕਸ ਦੇਸ਼ਾਂ ਨੂੰ ਭਵਿੱਖ ਵਿੱਚ ਸਹਿਯੋਗ ਦੇ ਖੇਤਰਾਂ ਦੀ ਪਛਾਣ ਕਰਨ ਅਤੇ ਸੰਸਥਾਗਤ ਵਿਕਾਸ ਦਾ ਜਾਇਜ਼ਾ ਲੈਣ ਦਾ ਇੱਕ ਲਾਭਦਾਇਕ ਮੌਕਾ ਪ੍ਰਦਾਨ ਕਰੇਗਾ।
ਦੂਜੇ ਪਾਸੇ ਚੰਦਰਯਾਨ-3 ਬੁੱਧਵਾਰ ਯਾਨੀ 23 ਅਗਸਤ ਦੀ ਸ਼ਾਮ ਨੂੰ ਚੰਦਰਮਾ 'ਤੇ ਉਤਰਨ ਜਾ ਰਿਹਾ ਹੈ। ਜਾਣਕਾਰੀ ਸਾਹਮਣੇ ਆਈ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੱਖਣੀ ਅਫਰੀਕਾ ਤੋਂ ਡਿਜੀਟਲ ਮਾਧਿਅਮ ਰਾਹੀਂ ਦੇਸ਼ ਨਾਲ ਜੁੜਨਗੇ। ਇਸ ਦੇ ਨਾਲ ਹੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਚੰਦਰਯਾਨ-3 ਦੀ ਲੈਂਡਿੰਗ ਬਾਰੇ ਪਲ-ਪਲ ਜਾਣਕਾਰੀ ਦਿੱਤੀ ਜਾਵੇਗੀ।