ਵਾਸ਼ਿੰਗਟਨ: ਅਮਰੀਕਾ ਦੇ ਰਾਸ਼ਟਰਪਤੀ ਜੋਅ ਬਾਈਡਨ ਨੇ ਵਿਸ਼ਵ ਸਿਹਤ ਸੰਗਠਨ (WHO) ਦੇ ਕਾਰਜਕਾਰੀ ਬੋਰਡ ਵਿਚ ਅਮਰੀਕੀ ਪ੍ਰਤੀਨਿਧੀ ਵਜੋਂ ਡਾਕਟਰ ਵਿਵੇਕ ਮੂਰਤੀ ਨੂੰ ਨਾਮਜ਼ਦ ਕੀਤਾ ਹੈ। ਵ੍ਹਾਈਟ ਹਾਊਸ ਨੇ ਇਹ ਜਾਣਕਾਰੀ ਦਿੱਤੀ। ਵ੍ਹਾਈਟ ਹਾਊਸ ਵੱਲੋਂ ਜਾਰੀ ਬਿਆਨ ਮੁਤਾਬਕ ਡਾਕਟਰ ਮੂਰਤੀ 'ਸਰਜਨ ਜਨਰਲ' ਦੇ ਨਾਲ-ਨਾਲ ਇਸ ਨਵੇਂ ਅਹੁਦੇ ਦੀ ਜ਼ਿੰਮੇਵਾਰੀ ਸੰਭਾਲਣਗੇ। ਮਾਰਚ 2021 ਵਿੱਚ ਯੂਐਸ ਸੈਨੇਟ ਨੇ ਦੇਸ਼ ਦੇ 21ਵੇਂ 'ਸਰਜਨ ਜਨਰਲ' ਵਜੋਂ ਉਸ ਦੀ ਨਿਯੁਕਤੀ ਨੂੰ ਮਨਜ਼ੂਰੀ ਦਿੱਤੀ। ਉਹ ਸਾਬਕਾ ਅਮਰੀਕੀ ਰਾਸ਼ਟਰਪਤੀ ਬਰਾਕ ਓਬਾਮਾ ਦੇ ਕਾਰਜਕਾਲ ਦੌਰਾਨ 19ਵੇਂ ‘ਸਰਜਨ ਜਨਰਲ’ ਵਜੋਂ ਵੀ ਸੇਵਾ ਨਿਭਾਅ ਚੁੱਕੇ ਹਨ।
'ਸਰਜਨ ਜਨਰਲ' ਦੇ ਅਹੁਦੇ 'ਤੇ ਬਿਰਾਜਮਾਨ ਵਿਅਕਤੀ ਦਾ ਕੰਮ ਸਪੱਸ਼ਟ, ਇਕਸਾਰ ਅਤੇ ਬਰਾਬਰ ਮਾਰਗਦਰਸ਼ਨ ਅਤੇ ਸਰੋਤ ਪ੍ਰਦਾਨ ਕਰਕੇ ਦੇਸ਼ ਦੀਆਂ ਸਿਹਤ ਸੇਵਾਵਾਂ ਨੂੰ ਬਿਹਤਰ ਬਣਾਉਣਾ ਹੈ। ਵ੍ਹਾਈਟ ਹਾਊਸ ਨੇ ਇਕ ਬਿਆਨ 'ਚ ਕਿਹਾ ਕਿ 21ਵੇਂ 'ਸਰਜਨ ਜਨਰਲ' ਦੇ ਤੌਰ 'ਤੇ ਡਾ. ਮੂਰੂ ਨੇ ਕਈ ਮਹੱਤਵਪੂਰਨ ਜਨਤਕ ਸਿਹਤ ਮੁੱਦਿਆਂ 'ਤੇ ਸਰਕਾਰ ਦਾ ਧਿਆਨ ਦਿਵਾਇਆ, ਜਿਸ 'ਚ ਸਿਹਤ ਸੰਬੰਧੀ ਗਲਤ ਜਾਣਕਾਰੀ ਦੇ ਵਧਦੇ ਪ੍ਰਸਾਰ, ਨੌਜਵਾਨਾਂ 'ਚ ਮਨੋਵਿਗਿਆਨਕ ਸਮੱਸਿਆਵਾਂ ਸ਼ਾਮਲ ਹਨ।
ਯੂਐਸ ਪਬਲਿਕ ਹੈਲਥ ਸਰਵਿਸ ਕਮਿਸ਼ਨਡ ਕੋਰ ਦੇ ਵਾਈਸ ਐਡਮਿਰਲ ਵਜੋਂ, ਡਾ. ਮੂਰਤੀ 6,000 ਤੋਂ ਵੱਧ ਜਨਤਕ ਸਿਹਤ ਅਧਿਕਾਰੀਆਂ ਦੀ ਅਗਵਾਈ ਕਰਦੇ ਹਨ। ਇਹ ਪਬਲਿਕ ਹੈਲਥ ਅਫਸਰ ਸਭ ਤੋਂ ਵਾਂਝੀ ਆਬਾਦੀ ਲਈ ਕੰਮ ਕਰਦੇ ਹਨ। ਵ੍ਹਾਈਟ ਹਾਊਸ ਨੇ ਕਿਹਾ ਕਿ ਭਾਰਤੀ ਮੂਲ ਦੇ ਪਹਿਲੇ 'ਸਰਜਨ ਜਨਰਲ' ਡਾ. ਮੂਰਤੀ ਮਿਆਮੀ ਵਿੱਚ ਵੱਡੇ ਹੋਏ ਅਤੇ ਹਾਰਵਰਡ, ਯੇਲ ਸਕੂਲ ਆਫ਼ ਮੈਡੀਸਨ ਅਤੇ ਯੇਲ ਸਕੂਲ ਆਫ਼ ਮੈਨੇਜਮੈਂਟ ਵਿੱਚ ਪੜ੍ਹੇ ਹਨ। ਮੂਰਤੀ, ਇੱਕ ਪ੍ਰਸਿੱਧ ਡਾਕਟਰ, ਖੋਜ ਵਿਗਿਆਨੀ, ਉੱਦਮੀ ਅਤੇ ਲੇਖਕ, ਆਪਣੀ ਪਤਨੀ ਡਾ. ਐਲਿਸ ਚੇਨ ਅਤੇ ਆਪਣੇ ਦੋ ਬੱਚਿਆਂ ਨਾਲ ਵਾਸ਼ਿੰਗਟਨ ਡੀਸੀ ਵਿੱਚ ਰਹਿੰਦੇ ਹਨ।
ਇਹ ਵੀ ਪੜ੍ਹੋ: ਐਲੋਨ ਮਸਕ ਨੇ ਸੌਦੇ ਲਈ ਟਵਿਟਰ ਨੂੰ ਭੇਜਿਆ ਪੱਤਰ, ਦਿੱਤਾ ਇਹ ਆਫਰ