ਚੰਡੀਗੜ੍ਹ: ਪਾਕਿਸਤਾਨ ਦੇ ਖੈਬਰ ਪਖਤੂਨਖਵਾ ਦੇ ਡੇਰਾ ਇਸਮਾਈਲ ਖਾਨ ਇਲਾਕੇ 'ਚ ਹੋਏ ਆਤਮਘਾਤੀ ਹਮਲੇ 'ਚ 23 ਲੋਕਾਂ ਦੀ ਜਾਨ ਚਲੀ ਗਈ। ਇਹ ਹਮਲਾ ਡੇਰਾ ਇਸਮਾਈਲ ਖਾਨ ਦੇ ਇੱਕ ਕਸਬੇ ਦੇ ਇੱਕ ਥਾਣੇ ਵਿੱਚ ਹੋਇਆ। ਨਿਊਜ਼ ਏਜੰਸੀ ਏਐਫਪੀ ਦੀ ਰਿਪੋਰਟ ਮੁਤਾਬਕ ਧਮਾਕੇ ਕਾਰਨ ਤਿੰਨ ਕਮਰੇ ਢਹਿ ਗਏ ਹਨ ਅਤੇ ਇਮਾਰਤਾਂ ਦੇ ਮਲਬੇ 'ਚੋਂ ਲਾਸ਼ਾਂ ਨੂੰ ਕੱਢਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਇਸ ਦੇ ਨਾਲ ਹੀ ਮਰਨ ਵਾਲਿਆਂ ਦੀ ਗਿਣਤੀ ਹੋਰ ਵਧਣ ਦਾ ਖਦਸ਼ਾ ਹੈ। (horrific terrorist attack)
ਪਹਿਲਾਂ ਮਾਰੀ ਟੱਕਰ, ਫਿਰ ਮੋਰਟਾਰ ਨਾਲ ਹਮਲਾ: ਆਤਮਘਾਤੀ ਹਮਲਾਵਰਾਂ ਨੇ ਦੱਖਣੀ ਵਜ਼ੀਰਿਸਤਾਨ ਕਬਾਇਲੀ ਜ਼ਿਲ੍ਹੇ ਨਾਲ ਲੱਗਦੇ ਅਸ਼ਾਂਤ ਡੇਰਾ ਇਸਮਾਈਲ ਖਾਨ ਜ਼ਿਲ੍ਹੇ ਵਿੱਚ ਦਰਬਨ ਪੁਲਿਸ ਸਟੇਸ਼ਨ 'ਤੇ ਹਮਲਾ ਕੀਤਾ। ਅੱਤਵਾਦੀਆਂ ਨੇ ਵਿਸਫੋਟਕਾਂ ਨਾਲ ਭਰੇ ਇੱਕ ਵਾਹਨ ਨੂੰ ਪੁਲਿਸ ਸਟੇਸ਼ਨ ਦੀ ਇਮਾਰਤ ਵਿੱਚ ਟੱਕਰ ਮਾਰ ਦਿੱਤੀ ਅਤੇ ਫਿਰ ਮੋਰਟਾਰ ਨਾਲ ਹਮਲਾ ਕੀਤਾ। ਪੁਲਸ ਨੇ ਦੱਸਿਆ ਕਿ ਹਮਲੇ ਤੋਂ ਬਾਅਦ ਸੁਰੱਖਿਆ ਬਲਾਂ ਅਤੇ ਹਮਲਾਵਰਾਂ ਵਿਚਾਲੇ ਗੋਲੀਬਾਰੀ 'ਚ ਘੱਟੋ-ਘੱਟ 6 ਸੁਰੱਖਿਆ ਕਰਮਚਾਰੀ ਮਾਰੇ ਗਏ ਅਤੇ 16 ਗੰਭਰ ਜ਼ਖਮੀ ਹੋ ਗਏ, ਜਿੰਨ੍ਹਾਂ 'ਚ ਕੁਝ ਨੇ ਇਲਾਜ ਦੌਰਾਨ ਦਮ ਤੋੜ ਦਿੱਤਾ।
ਇਸ ਅੱਤਵਾਦੀ ਸੰਗਠਨ ਨੇ ਲਈ ਹਮਲੇ ਦੀ ਜ਼ਿੰਮੇਵਾਰੀ: ਅਧਿਕਾਰਤ ਸੂਤਰਾਂ ਨੇ ਦੱਸਿਆ ਕਿ ਸਾਰੇ ਹਮਲਾਵਰਾਂ ਨੂੰ ਸੁਰੱਖਿਆ ਬਲਾਂ ਨੇ ਮਾਰ ਦਿੱਤਾ ਹੈ ਜਦਕਿ ਨਵੀਂ ਪੁਲਿਸ ਟੁਕੜੀ ਮੌਕੇ 'ਤੇ ਭੇਜੀ ਗਈ ਸੀ ਅਤੇ ਬਾਅਦ ਵਿਚ ਤਲਾਸ਼ੀ ਮੁਹਿੰਮ ਸ਼ੁਰੂ ਕੀਤੀ ਗਈ ਸੀ। ਮੁਕਾਬਲਤਨ ਅਣਜਾਣ ਅੱਤਵਾਦੀ ਸੰਗਠਨ ਤਹਿਰੀਕ-ਏ-ਜੇਹਾਦ ਪਾਕਿਸਤਾਨ (ਟੀਜੇਪੀ) ਨੇ ਹਮਲੇ ਦੀ ਜ਼ਿੰਮੇਵਾਰੀ ਲਈ ਹੈ। ਪਾਕਿਸਤਾਨ ਵਿੱਚ ਹੋਏ ਕੁੱਝ ਵੱਡੇ ਹਮਲਿਆਂ ਪਿੱਛੇ ਇਸ ਅੱਤਵਾਦੀ ਸੰਗਠਨ ਦਾ ਹੱਥ ਰਿਹਾ ਹੈ। ਇਸ ਦੇ ਬੁਲਾਰੇ ਮੁੱਲਾ ਕਾਸਿਮ ਨੇ ਇਸ ਹਮਲੇ ਨੂੰ ਆਤਮਘਾਤੀ ਮਿਸ਼ਨ (ਫਿਦਾਇਨ ਹਮਲਾ) ਕਰਾਰ ਦਿੱਤਾ। ਹਮਲੇ ਕਾਰਨ ਜ਼ਿਲ੍ਹੇ ਦੇ ਹਸਪਤਾਲਾਂ ਵਿੱਚ ਐਮਰਜੈਂਸੀ ਘੋਸ਼ਿਤ ਕਰ ਦਿੱਤੀ ਗਈ ਜਦਕਿ ਸਾਰੇ ਸਕੂਲ ਅਤੇ ਕਾਲਜ ਬੰਦ ਕਰ ਦਿੱਤੇ ਗਏ।
ਪਹਿਲਾਂ ਵੀ ਕਈ ਵਾਰਦਾਤਾਂ ਨੂੰ ਦੇ ਚੁੱਕੀ ਅੰਜ਼ਾਮ: ਹਾਲ ਹੀ ਦੇ ਸਮੇਂ ਵਿਚ ਪਾਕਿਸਤਾਨ ਵਿਚ ਭਿਆਨਕ ਅੱਤਵਾਦੀ ਹਮਲੇ ਹੋ ਰਹੇ ਹਨ। ਇਸ ਤੋਂ ਪਹਿਲਾਂ ਪਿਛਲੇ ਮਹੀਨੇ ਖੈਬਰ ਪਖਤੂਨਖਵਾ 'ਚ ਦੋ ਵੱਖ-ਵੱਖ ਅੱਤਵਾਦੀ ਹਮਲਿਆਂ 'ਚ ਤਿੰਨ ਲੋਕ ਮਾਰੇ ਗਏ ਸਨ। ਇਹ ਹਮਲੇ ਪਾਕਿਸਤਾਨ ਦੇ ਖੈਬਰ ਪਖਤੂਨਖਵਾ ਸੂਬੇ 'ਚ ਹੋਏ ਹਨ। ਫੌਜ ਨੇ ਇੱਥੇ ਦੋ ਵੱਖ-ਵੱਖ ਅੱਤਵਾਦੀ ਹਮਲਿਆਂ ਵਿੱਚ ਦੋ ਜਵਾਨਾਂ ਸਮੇਤ ਤਿੰਨ ਲੋਕਾਂ ਦੇ ਮਾਰੇ ਜਾਣ ਦੀ ਸੂਚਨਾ ਦਿੱਤੀ ਸੀ। ਪਾਕਿਸਤਾਨੀ ਫੌਜ ਦੇ ਮੀਡੀਆ ਵਿੰਗ ਇੰਟਰ-ਸਰਵਿਸਿਜ਼ ਪਬਲਿਕ ਰਿਲੇਸ਼ਨਜ਼ (ਆਈ.ਐੱਸ.ਪੀ.ਆਰ.) ਨੇ ਇਕ ਬਿਆਨ ਜਾਰੀ ਕਰ ਕੇ ਕਿਹਾ ਕਿ ਉੱਤਰੀ ਵਜ਼ੀਰਿਸਤਾਨ ਜ਼ਿਲ੍ਹੇ ਦੀ ਮੀਰ ਅਲੀ ਤਹਿਸੀਲ 'ਚ ਸੋਮਵਾਰ ਨੂੰ ਅੱਤਵਾਦੀਆਂ ਨਾਲ ਮੁਕਾਬਲੇ 'ਚ ਦੋ ਜਵਾਨ ਸ਼ਹੀਦ ਹੋ ਗਏ।
ਗੈਸ ਕੰਪਨੀ ਦੇ ਕਾਫ਼ਲੇ 'ਤੇ ਹਮਲਾ: ਦੂਜੀ ਘਟਨਾ ਡੇਰਾ ਇਸਮਾਈਲ ਖ਼ਾਨ ਜ਼ਿਲ੍ਹੇ ਦੀ ਡਰਜਿੰਡਾ ਤਹਿਸੀਲ ਵਿੱਚ ਵਾਪਰੀ ਜਦੋਂ ਤੇਲ ਅਤੇ ਗੈਸ ਕੰਪਨੀ ਦੇ ਕਾਫ਼ਲੇ 'ਤੇ ਅੱਤਵਾਦੀਆਂ ਨੇ ਹਮਲਾ ਕਰ ਦਿੱਤਾ। ਇਸ ਘਟਨਾ ਵਿੱਚ ਇੱਕ ਕੰਪਨੀ ਡਰਾਈਵਰ ਦੀ ਮੌਤ ਹੋ ਗਈ ਅਤੇ 11 ਹੋਰ ਜ਼ਖਮੀ ਹੋ ਗਏ ਸਨ। ਇਕ ਅਧਿਕਾਰੀ ਮੁਤਾਬਕ ਜ਼ਖਮੀਆਂ ਨੂੰ ਹਸਪਤਾਲ 'ਚ ਭਰਤੀ ਕਰਵਾਇਆ ਗਿਆ।
ਫੌਜ ਦੇ ਵਾਹਨਾਂ 'ਤੇ ਅੱਤਵਾਦੀ ਹਮਲਾ: ਇਸ ਤੋਂ ਪਹਿਲਾਂ ਵੀ ਪਾਕਿਸਤਾਨ 'ਤੇ ਅੱਤਵਾਦੀ ਹਮਲਿਆਂ ਨੇ ਤਬਾਹੀ ਮਚਾਈ ਹੈ। ਸ਼ੁੱਕਰਵਾਰ 4 ਨਵੰਬਰ ਨੂੰ ਪਾਕਿਸਤਾਨ ਦੇ ਦੱਖਣ-ਪੱਛਮੀ ਬਲੋਚਿਸਤਾਨ ਸੂਬੇ 'ਚ ਅੱਤਵਾਦੀਆਂ ਨੇ ਫੌਜ ਦੇ ਦੋ ਵਾਹਨਾਂ 'ਤੇ ਹਮਲਾ ਕੀਤਾ ਸੀ। ਇਸ ਹਮਲੇ 'ਚ ਘੱਟੋ-ਘੱਟ 14 ਜਵਾਨ ਸ਼ਹੀਦ ਹੋ ਗਏ ਸਨ। ਬਲੋਚਿਸਤਾਨ 'ਚ ਹੋਏ ਇਸ ਅੱਤਵਾਦੀ ਹਮਲੇ ਨੂੰ ਇਸ ਸਾਲ ਦਾ ਸਭ ਤੋਂ ਵੱਡਾ ਹਮਲਾ ਮੰਨਿਆ ਜਾ ਰਿਹਾ ਹੈ, ਜਿਸ 'ਚ ਪਾਕਿਸਤਾਨੀ ਫੌਜ ਦੇ ਸਭ ਤੋਂ ਜ਼ਿਆਦਾ ਜਵਾਨ ਮਾਰੇ ਗਏ। ਪਾਕਿਸਤਾਨੀ ਫੌਜ ਵੱਲੋਂ ਜਾਰੀ ਬਿਆਨ ਮੁਤਾਬਕ ਅੱਤਵਾਦੀਆਂ ਨੇ ਇਹ ਹਮਲਾ ਉਸ ਸਮੇਂ ਕੀਤਾ ਜਦੋਂ ਜਵਾਨਾਂ ਦੀਆਂ ਦੋ ਗੱਡੀਆਂ ਗਵਾਦਰ ਜ਼ਿਲ੍ਹੇ ਦੇ ਪਸਨੀ ਤੋਂ ਓਰਮਾਰਾ ਇਲਾਕੇ ਵੱਲ ਜਾ ਰਹੀਆਂ ਸਨ।
ਪਹਿਲਾਂ ਦੀਆਂ ਹੋਰ ਘਟਨਾਵਾਂ: ਜੀਓ ਨਿਊਜ਼ ਮੁਤਾਬਕ ਪਿਛਲੇ ਇਕ ਸਾਲ 'ਚ 1050 ਅੱਤਵਾਦੀ ਘਟਨਾਵਾਂ ਹੋਈਆਂ ਹਨ, ਜਿਨ੍ਹਾਂ 'ਚ 470 ਲੋਕ ਮਾਰੇ ਗਏ ਹਨ। ਪਾਕਿਸਤਾਨ ਦੇ ਗ੍ਰਹਿ ਮੰਤਰਾਲੇ ਦੇ ਅੰਕੜਿਆਂ ਮੁਤਾਬਕ ਪਿਛਲੇ ਤਿੰਨ ਸਾਲਾਂ 'ਚ ਸੂਬੇ ਦੇ ਕਰੀਬ 1823 ਲੋਕ ਅੱਤਵਾਦੀ ਹਮਲਿਆਂ 'ਚ ਆਪਣੀ ਜਾਨ ਗੁਆ ਚੁੱਕੇ ਹਨ। ਖੈਬਰ ਪਖਤੂਨਖਵਾ ਦਾ ਇਲਾਕਾ ਅਫਗਾਨਿਸਤਾਨ ਦੀ ਸਰਹੱਦ ਨਾਲ ਲੱਗਦਾ ਹੈ। 1050 ਅੱਤਵਾਦੀ ਘਟਨਾਵਾਂ ਵਿੱਚੋਂ 419 ਘਟਨਾਵਾਂ ਬੰਦੋਬਸਤੀ ਜ਼ਿਲ੍ਹੇ ਵਿੱਚ ਹੋਈਆਂ। ਜਦੋਂ ਕਿ ਫਾਟਾ 'ਚ 631, ਉੱਤਰੀ ਵਜ਼ੀਰਸਤਾਨ 'ਚ 201 ਅਤੇ ਪਿਸ਼ਾਵਰ 'ਚ 61 ਅੱਤਵਾਦੀ ਘਟਨਾਵਾਂ ਹੋਈਆਂ।