ਮਨੀਲਾ: ਉੱਤਰੀ ਫਿਲੀਪੀਨਜ਼ ਵਿੱਚ ਬੁੱਧਵਾਰ ਨੂੰ 7.3 ਤੀਬਰਤਾ ਦੇ ਭੂਚਾਲ ਦੇ ਜ਼ਬਰਦਸਤ ਝਟਕੇ ਮਹਿਸੂਸ ਕੀਤੇ ਗਏ। ਰਾਜਧਾਨੀ ਮਨੀਲਾ ਵਿੱਚ ਭੂਚਾਲ ਕਾਰਨ ਇਮਾਰਤਾਂ ਵਿੱਚ ਤਰੇੜਾਂ ਆ ਗਈਆਂ ਅਤੇ ਲੋਕ ਡਰ ਦੇ ਮਾਰੇ ਘਰਾਂ ਵਿੱਚੋਂ ਬਾਹਰ ਨਿਕਲ ਆਏ। ਅਧਿਕਾਰੀਆਂ ਨੇ ਦੱਸਿਆ ਕਿ ਅਜੇ ਤੱਕ ਕਿਸੇ ਜਾਨੀ ਨੁਕਸਾਨ ਦੀ ਸੂਚਨਾ ਨਹੀਂ ਹੈ। ਫਿਲੀਪੀਨ ਇੰਸਟੀਚਿਊਟ ਆਫ ਜਵਾਲਾਮੁਖੀ ਅਤੇ ਭੂਚਾਲ ਵਿਗਿਆਨ ਨੇ ਕਿਹਾ ਕਿ ਭੂਚਾਲ ਦਾ ਕੇਂਦਰ ਜ਼ਮੀਨ ਤੋਂ 25 ਕਿਲੋਮੀਟਰ ਦੀ ਡੂੰਘਾਈ 'ਤੇ ਅਬਰਾ ਸੂਬੇ ਦੇ ਪਹਾੜੀ ਖੇਤਰ 'ਚ ਸਥਿਤ ਸੀ ਅਤੇ ਭੂਚਾਲ ਤੋਂ ਬਾਅਦ ਵੀ ਕਈ ਝਟਕੇ ਮਹਿਸੂਸ ਕੀਤੇ ਗਏ।
ਅਧਿਕਾਰੀਆਂ ਨੇ ਦੱਸਿਆ ਕਿ ਭੂਚਾਲ ਦੇ ਤੇਜ਼ ਝਟਕਿਆਂ ਕਾਰਨ ਇਮਾਰਤਾਂ ਅਤੇ ਘਰਾਂ ਦੀਆਂ ਕੰਧਾਂ 'ਚ ਤਰੇੜਾਂ ਆ ਗਈਆਂ। ਅਮਰੀਕੀ ਭੂ-ਵਿਗਿਆਨ ਸਰਵੇਖਣ ਨੇ ਭੂਚਾਲ ਦੀ ਤੀਬਰਤਾ 7.0 ਦੱਸੀ ਹੈ, ਜਦੋਂ ਕਿ ਇਸ ਦਾ ਕੇਂਦਰ ਜ਼ਮੀਨ ਤੋਂ 10 ਕਿਲੋਮੀਟਰ ਹੇਠਾਂ ਹੋਣ ਦਾ ਦਾਅਵਾ ਕੀਤਾ ਗਿਆ ਹੈ। ਮਹੱਤਵਪੂਰਨ ਗੱਲ ਇਹ ਹੈ ਕਿ ਫਿਲੀਪੀਨਜ਼ ਭੂਚਾਲ ਦੀ ਸੰਭਾਵਨਾ ਵਾਲਾ ਖੇਤਰ ਹੈ।
ਸਾਲ 1990 'ਚ ਦੇਸ਼ 'ਚ ਆਏ 7.7 ਤੀਬਰਤਾ ਵਾਲੇ ਭੂਚਾਲ 'ਚ ਕਰੀਬ 2,000 ਲੋਕਾਂ ਦੀ ਮੌਤ ਹੋ ਗਈ ਸੀ।ਤੁਹਾਨੂੰ ਦੱਸ ਦੇਈਏ ਕਿ ਪਿਛਲੇ ਮਹੀਨੇ ਵੀ ਫਿਲੀਪੀਨਜ਼ 'ਚ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ ਸਨ। ਇਸ ਸਮੇਂ ਦੱਖਣੀ ਫਿਲੀਪੀਨਜ਼ ਦੇ ਸੂਰੀਗਾਓ ਡੇਲ ਸੁਰ ਸੂਬੇ 'ਚ ਭੂਚਾਲ ਆਇਆ, ਜਿਸ ਦੀ ਤੀਬਰਤਾ ਰਿਕਟਰ ਪੈਮਾਨੇ 'ਤੇ 5.6 ਮਾਪੀ ਗਈ। ਭੂਚਾਲ ਦਾ ਕੇਂਦਰ ਕਾਗਵੇਟ ਸ਼ਹਿਰ ਤੋਂ ਲਗਭਗ 31 ਕਿਲੋਮੀਟਰ ਉੱਤਰ-ਪੂਰਬ ਵਿਚ 16 ਕਿਲੋਮੀਟਰ ਦੀ ਡੂੰਘਾਈ ਵਿਚ ਸੀ।
ਅਫਗਾਨਿਸਤਾਨ 'ਚ ਭੂਚਾਲ ਨੇ ਮਚਾਈ ਤਬਾਹੀ, 1000 ਤੋਂ ਵੱਧ ਲੋਕਾਂ ਦੀ ਮੌਤ: ਇਸ ਤੋਂ ਇਲਾਵਾ ਜੂਨ ਮਹੀਨੇ ਵਿੱਚ ਅਫਗਾਨਿਸਤਾਨ ਵਿੱਚ ਆਏ ਭੂਚਾਲ ਨੇ ਤਬਾਹੀ ਮਚਾਈ ਸੀ। ਇੱਥੇ ਇਸ ਭੂਚਾਲ ਕਾਰਨ 1000 ਤੋਂ ਵੱਧ ਲੋਕਾਂ ਦੀ ਮੌਤ ਹੋ ਗਈ ਸੀ। ਅਫਗਾਨਿਸਤਾਨ ਦੇ ਪੂਰਬੀ ਪਕਤਿਕਾ ਸੂਬੇ 'ਚ ਆਏ ਇਸ ਭੂਚਾਲ ਦੀ ਤੀਬਰਤਾ 6 ਮਾਪੀ ਗਈ ਹੈ। ਯੂਰੋਪੀਅਨ ਮੈਡੀਟੇਰੀਅਨ ਸੀਸਮੋਲੋਜੀਕਲ ਸੈਂਟਰ (ਈਐਮਐਸਸੀ) ਮੁਤਾਬਕ ਇਸ ਭੂਚਾਲ ਦੇ ਝਟਕੇ ਅਫਗਾਨਿਸਤਾਨ ਤੋਂ ਪਾਕਿਸਤਾਨ ਅਤੇ ਭਾਰਤ ਤੱਕ ਮਹਿਸੂਸ ਕੀਤੇ ਗਏ। ਪੇਸ਼ਾਵਰ, ਇਸਲਾਮਾਬਾਦ, ਲਾਹੌਰ ਅਤੇ ਪੰਜਾਬ ਦੇ ਹੋਰ ਹਿੱਸਿਆਂ ਅਤੇ ਪਾਕਿਸਤਾਨ ਦੇ ਖੈਬਰ-ਪਖਤੂਨਖਵਾ ਸੂਬਿਆਂ 'ਚ 6.1 ਤੀਬਰਤਾ ਦੇ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ।
ਇਹ ਵੀ ਪੜ੍ਹੋ: 'ਗੇਮਸ ਆਫ ਥ੍ਰੋਨਸ' ਫੇਮ ਜੇਸਨ ਮੋਮੋਆ ਦੀ ਕਾਰ ਹਾਦਸਾਗ੍ਰਸਤ, ਵਾਲ-ਵਾਲ ਬਚੇ ਅਦਾਕਾਰ