ਨਵੀਂ ਦਿੱਲੀ: ਉੱਤਰ ਕੋਰੀਆ ਦੇ ਤਾਨਾਸ਼ਾਹ ਕਿਮ ਜੋਂਗ-ਉਨ ਗੰਭੀਰ ਰੂਪ ਵਿੱਚ ਬਿਮਾਰ ਹਨ ਅਤੇ ਕਿਹਾ ਜਾ ਰਿਹਾ ਹੈ ਕਿ ਉਹ ਬਹੁਤ ਗੰਭੀਰ ਹਾਲਤ ਵਿੱਚ ਹਨ। ਅਮਰੀਕੀ ਮੀਡੀਆ ਵਿਚ ਕਿਮ ਜੋਂਗ ਉਨ ਦਾ ਦਿਮਾਗ ਡੈੱਡ ਹੋਣ ਦੀਆਂ ਵੀ ਅਟਕਲਾਂ ਤੇਜ਼ ਹੋ ਗਈਆਂ ਹਨ।
ਮੰਗਲਵਾਰ ਨੂੰ ਇੱਕ ਮੀਡੀਆ ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਅਮਰੀਕਾ ਨੂੰ ਖੁਫੀਆ ਜਾਣਕਾਰੀ ਵਿੱਚ ਪਤਾ ਲੱਗਿਆ ਹੈ ਕਿ ਉੱਤਰ ਕੋਰੀਆ ਦੇ ਨੇਤਾ ਕਿਮ ਜੋਂਗ-ਉਨ ਨੂੰ ਸਰਜਰੀ ਤੋਂ ਬਾਅਦ ਗੰਭੀਰ ਖ਼ਤਰਾ ਹੈ।
ਦੱਸਿਆ ਜਾ ਰਿਹਾ ਹੈ ਕਿ ਦਿਲ ਦੇ ਰੋਗ ਕਾਰਨ ਉਸ ਦਾ ਇਲਾਜ ਚੱਲ ਰਿਹਾ ਸੀ। ਰਿਪੋਰਟ ਦੇ ਅਨੁਸਾਰ ਕਿਮ ਜੋਂਗ ਉਨ ਦੀ ਸਰਜਰੀ ਕੀਤੀ ਗਈ ਸੀ, ਪਰ ਇਸ ਤੋਂ ਬਾਅਦ ਉਸ ਦੀ ਹਾਲਤ ਹੋਰ ਵੀ ਬਦਤਰ ਹੋ ਗਈ ਹੈ।
ਰਿਪੋਰਟ ਮੁਤਾਬਕ ਤਾਨਾਸ਼ਾਹ ਕਿਮ ਜੋਂਗ ਉਨ ਦਾ ਪਯੋਂਗਯਾਂਗ ਤੋਂ ਬਾਹਰ ਹਯਾਂਗਸਾਨ ਦੇ ਇੱਕ ਵਿਲਾ ਵਿੱਚ ਇਲਾਜ ਚੱਲ ਰਿਹਾ ਹੈ। ਕਿਮ ਜੋਂਗ ਨੂੰ ਲੈ ਕੇ ਅਟਕਲਾਂ ਉਸ ਵੇਲੇ ਸਾਹਮਣੇ ਆਈਆਂ ਜਦੋਂ ਉਹ 15 ਅਪ੍ਰੈਲ ਨੂੰ ਦੇਸ਼ ਦੇ ਸਥਾਪਨਾ ਦਿਵਸ ਅਤੇ ਆਪਣੇ ਮਰਹੂਮ ਦਾਦਾ ਜੀ ਦੇ 108ਵੇਂ ਜਨਮਦਿਨ ਪ੍ਰੋਗਰਾਮ ਵਿੱਚ ਸ਼ਾਮਲ ਨਹੀਂ ਹੋਏ।
ਦੱਸਿਆ ਜਾ ਰਿਹਾ ਹੈ ਕਿ ਕਿਮ ਜੋਂਗ ਉਨ ਨੂੰ ਆਖਰੀ ਵਾਰ 11 ਅਪ੍ਰੈਲ ਨੂੰ ਜਨਤਕ ਰੂਪ ਵਿੱਚ ਵੇਖਿਆ ਗਿਆ ਸੀ ਜਿਸ ਵਿੱਚ ਉਸ ਨੇ ਇੱਕ ਮੀਟਿੰਗ ਦੀ ਪ੍ਰਧਾਨਗੀ ਕੀਤੀ ਅਤੇ ਕੋਰੋਨਾ ਵਾਇਰਸ ਸਬੰਧੀ ਸਖਤ ਜਾਂਚ ਦੇ ਆਦੇਸ਼ ਦਿੱਤੇ। ਇੰਨਾ ਹੀ ਨਹੀਂ, ਉਹ 14 ਅਪ੍ਰੈਲ ਨੂੰ ਮਿਜ਼ਾਈਲ ਟੈਸਟ ਦੇ ਪ੍ਰੋਗਰਾਮ ਤੋਂ ਵੀ ਗੈਰ-ਹਾਜ਼ਰ ਰਿਹਾ।