ਦੁਬਈ : ਸੰਯੁਕਤ ਅਰਬ ਅਮੀਰਾਤ (ਯੂਏਈ) ਨੇ ਦੇਸ਼ ਦੇ ਮੁਸਲਿਮ ਨਿੱਜੀ ਕਾਨੂੰਨਾਂ 'ਚ ਸੋਧ ਲਈ ਕਈ ਵੱਡੀਆਂ ਅਤੇ ਲੋੜੀਂਦਾ ਤਬਦੀਲੀਆਂ ਕੀਤੀਆਂ ਹਨ। ਕਾਨੂੰਨ 'ਚ ਇਨ੍ਹਾਂ ਤਬਦੀਲੀਆਂ ਤੋਂ ਬਾਅਦ ਹੁਣ ਅਣ ਵਿਆਹੇ ਜੋੜਿਆਂ ਨੂੰ ‘ਲਿਵ-ਇਨ’ ‘ਚ ਰਹਿਣ ਦੀ ਇਜਾਜ਼ਤ ਦੇ ਦਿੱਤੀ ਗਈ ਹੈ।
ਇਸ ਤੋਂ ਇਲਾਵਾ ਸ਼ਰਾਬ ਦੀ ਪਾਬੰਦੀ ਨੂੰ ਵੀ ਢਿੱਲ ਦਿੱਤੀ ਗਈ ਹੈ ਅਤੇ 'ਆਨਰ ਕਿਲਿੰਗ' ਨੂੰ ਹੁਣ ਕਾਨੂੰਨੀ ਅਪਰਾਧ ਦੀ ਸ਼੍ਰੇਣੀ 'ਚ ਰੱਖਿਆ ਗਿਆ ਹੈ ਤੇ ਇਸ ਲਈ ਸਖ਼ਤ ਸਜਾ ਦਾ ਐਲਾਨ ਕੀਤਾ ਗਿਆ ਹੈ। ਯੂਏਈ ਨੇ ਨਿੱਜੀ ਆਜ਼ਾਦੀ ਨਾਲ ਜੁੜੇ ਇਸਲਾਮੀ ਕਾਨੂੰਨਾਂ ਵਿੱਚ ਢਿੱਲ ਦੇਣ ਦਾ ਐਲਾਨ ਕੀਤਾ ਹੈ। ਇਹ ਮੰਨਿਆ ਜਾਂਦਾ ਹੈ ਕਿ ਸੰਯੁਕਤ ਅਰਬ ਅਮੀਰਾਤ ਵਰਲਡ ਐਕਸਪੋ ਦੀ ਮੇਜ਼ਬਾਨੀ ਕਰ ਰਿਹਾ ਹੈ, ਅਤੇ ਇਸ ਨੂੰ ਧਿਆਨ 'ਚ ਰੱਖਦੇ ਹੋਏ ਇਥੋਂ ਦੇ ਕਾਨੂੰਨਾਂ 'ਚ ਲੋੜੀਂਦਾ ਤਬਦੀਲੀਆਂ ਕੀਤੀਆਂ ਗਈਆਂ ਹਨ।
ਇਹ ਫੈਸਲਾ ਪਿਛਲੇ ਕੁੱਝ ਸਮੇਂ ਤੋਂ ਯੂਏਈ ਦੇ ਸ਼ਾਸਕਾਂ ਦੇ ਵਿਚਾਰਾਂ ਵਿੱਚ ਹੋਈਆਂ ਤਬਦੀਲੀਆਂ ਨੂੰ ਦਰਸਾ ਰਹੇ ਹਨ। ਦੁਨੀਆ ਦੇ ਦੂਜੇ ਦੇਸ਼ਾਂ ਦੀ ਤਰ੍ਹਾਂ ਯੂਏਈ ਦੇ ਲੋਕ ਵੀ ਵਿਅਕਤੀਗਤ ਆਜ਼ਾਦੀ ਚਾਹੁੰਦੇ ਹਨ। ਇਸ ਤੋਂ ਇਲਾਵਾ ਸੰਯੁਕਤ ਅਰਬ ਅਮੀਰਾਤ ਅਤੇ ਇਜ਼ਰਾਈਲ ਵਿਚਾਲੇ ਅਮਰੀਕਾ ਦੀ ਪਹਿਲਕਦਮੀ 'ਤੇ ਹੋਏ ਸਮਝੌਤੇ ਦਾ ਕਾਰਨ ਵੀ ਹੋ ਸਕਦਾ ਹੈ। ਸਮਝੌਤੇ ਤੋਂ ਬਾਅਦ ਇਜ਼ਰਾਈਲ ਤੋਂ ਵੱਡੀ ਗਿਣਤੀ ਵਿੱਚ ਸੈਲਾਨੀਆਂ ਨਾਲ ਨਿਵੇਸ਼ ਦੀ ਸੰਭਾਵਨਾ ਹੈ। ਇਸ ਤੋਂ ਇਲਾਵਾ ਯੂਏਈ ਸਰਕਾਰ, ਦੁਬਈ ਸਣੇ ਦੇਸ਼ ਦੇ ਸਾਰੇ ਸ਼ਹਿਰਾਂ ਨੂੰ ਸੈਰ-ਸਪਾਟਾ ਸਥਾਨ ਵਜੋਂ ਵਿਕਸਤ ਕਰਨਾ ਚਾਹੁੰਦੀ ਹੈ।
ਦੇਸ਼ ਦੇ ਅਕਸ 'ਚ ਹੋਵੇਗਾ ਸੁਧਾਰ
ਸਰਕਾਰੀ ਡਬਲਯੂਏਐਮ ਨਿਊਜ਼ ਏਜੰਸੀ ਅਤੇ ਅਖਬਾਰ ਨੈਸ਼ਨਲ ਦੁਆਰਾ ਜਾਰੀ ਕੀਤੇ ਕਾਨੂੰਨੀ ਸੁਧਾਰਾਂ ਦੇ ਮੁਤਾਬਕ, 21 ਸਾਲ ਜਾਂ ਇਸ ਤੋਂ ਵੱਧ ਉਮਰ ਦੇ ਲੋਕਾਂ ਨੂੰ ਸ਼ਰਾਬ ਰੱਖਣ, ਸੇਵਨ ਕਰਨ ਅਤੇ ਵੇਚਣ ਲਈ ਕੋਈ ਜ਼ੁਰਮਾਨਾ ਨਹੀਂ ਦੇਣਾ ਪਏਗਾ। ਪਹਿਲਾਂ, ਕਿਸੇ ਨੂੰ ਸ਼ਰਾਬ ਖਰੀਦਣ, ਲਿਆਉਣ ਅਤੇ ਘਰ ਰੱਖਣ ਲਈ ਲਾਇਸੈਂਸ ਲੈਣਾ ਪੈਂਦਾ ਸੀ। ਨਵਾਂ ਨਿਯਮ ਮੁਸਲਮਾਨਾਂ ਨੂੰ ਵੀ ਸ਼ਰਾਬ ਪੀਣ ਦੀ ਆਗਿਆ ਦੇਵੇਗਾ। ਇਸ ਤੋਂ ਪਹਿਲਾਂ ਮੁਸਲਮਾਨਾਂ ਨੂੰ ਲਾਇਸੈਂਸ ਦੇਣ 'ਤੇ ਵੀ ਪਾਬੰਦੀ ਸੀ।
ਯੂਏਈ ਦੀ ਅਧਿਕਾਰਤ ਸਮਾਚਾਰ ਏਜੰਸੀ ਨੇ ਨਵੇਂ ਸ਼ਾਹੀ ਫਰਮਾਨਾਂ ਬਾਰੇ ਜਾਣਕਾਰੀ ਦਿੱਤੀ ਹੈ। ਇਸ 'ਚ ਕਿਹਾ ਗਿਆ ਹੈ ਕਿ ਇਨ੍ਹਾਂ ਸੁਧਾਰਾਂ ਦਾ ਉਦੇਸ਼ ਦੇਸ਼ ਦੀ ਆਰਥਿਕ ਅਤੇ ਸਮਾਜਿਕ ਵਪਾਰ ਨੂੰ ਉਤਸ਼ਾਹਤ ਕਰਨਾ ਅਤੇ ਦੁਨੀਆ ਨੂੰ ਇਹ ਸੰਦੇਸ਼ ਦੇਣਾ ਹੈ ਕਿ ਇਹ ਸਹਿਣਸ਼ੀਲਤਾ ਦੇ ਸਿਧਾਂਤਾਂ ਨੂੰ ਮਜ਼ਬੂਤ ਕਰ ਰਹੀ ਹੈ।