ਨਵੀਂ ਦਿੱਲੀ: ਤੁਰਕੀ ਦੇ ਪੂਰਬੀ ਹਿੱਸੇ ਵਿੱਚ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ ਜਿਸ ਦੀ ਤੀਬਰਤਾ 6.8 ਮਾਪੀ ਗਈ। ਭੂਚਾਲ ਆਉਣ ਕਾਰਨ ਘੱਟੋ-ਘੱਟ 20 ਲੋਕਾਂ ਦੀ ਮੌਤ ਹੋ ਗਈ ਹੈ ਅਤੇ 1 ਹਜ਼ਾਰ ਤੋਂ ਵੀ ਜ਼ਿਆਦਾ ਲੋਕ ਜ਼ਖਮੀ ਹੋਏ ਹਨ।
ਭੂਚਾਲ ਰਿਸਰਚ ਇੰਸਟੀਚਿਊਟ ਦੀ ਵੈਬਸਾਈਟ 'ਤੇ ਜਾਰੀ ਕੀਤੀ ਜਾਣਕਾਰੀ ਦੇ ਅਨੁਸਾਰ ਸਿਵਰਿਸ ਜ਼ਿਲ੍ਹੇ ਵਿੱਚ ਭੂਚਾਲ ਸਥਾਨਕ ਸਮੇਂ ਅਨੁਸਾਰ ਸ਼ਾਮ 8.55 ਵਜੇ ਆਇਆ ਅਤੇ ਰਿਕਟਰ ਪੈਮਾਨੇ ਉੱਤੇ ਇਸ ਦੀ ਤੀਬਰਤਾ 6.8 ਮਾਪੀ ਗਈ ਹੈ।
ਤੁਰਕੀ ਦੇ ਗ੍ਰਹਿ ਮੰਤਰੀ ਸੁਲੇਮਾਨ ਸਾਯਲੂ ਨੇ ਆਪਣੇ ਬਿਆਨ ਵਿੱਚ ਕਿਹਾ ਕਿ ਮੱਢਲੀ ਰਿਪੋਰਟ ਅਨੁਸਾਰ ਭੂਚਾਲ ਕਾਰਨ ਚਾਰ ਜਾਂ ਪੰਜ ਇਮਾਰਤਾਂ ਢਹਿ ਗਈਆਂ ਹਨ ਅਤੇ ਲਗਭਗ 10 ਇਮਾਰਤਾਂ ਨੂੰ ਨੁਕਸਾਨ ਪਹੁੰਚਿਆ ਹੈ।
ਮੀਡੀਆ ਰਿਪੋਰਟਾਂ ਅਨੁਸਾਰ ਇਮਾਰਤਾਂ ਦੇ ਹੇਠਾਂ ਦੱਬੇ ਲੋਕਾਂ ਨੂੰ ਲੱਭਣ ਲਈ ਬਚਾਅ ਕਾਰਜ ਚਲਾਏ ਜਾ ਰਹੇ ਹਨ। ਭੂਚਾਲ ਇੰਨਾ ਜ਼ਬਰਦਸਤ ਸੀ ਕਿ ਆਸ ਪਾਸ ਦੇ ਚਾਰ ਸੂਬਿਆਂ ਵਿੱਚ ਵੀ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ।