ਬੇਰੂਤ: ਬੀਤੇ ਹਫ਼ਤੇ ਬੇਰੂਤ ਵਿੱਚ ਹੋਏ ਜ਼ਬਰਦਸਤ ਧਮਾਕੇ ਤੋਂ ਬਾਅਦ ਲੈਬਨਾਨ ਨੂੰ ਵਿਦੇਸ਼ਾਂ ਤੋਂ ਵੱਖ-ਵੱਖ ਤਰ੍ਹਾਂ ਦੀ ਮਦਦ ਪ੍ਰਾਪਤ ਹੋ ਰਹੀ ਹੈ। ਇੱਕ ਰਿਪੋਰਟ ਮੁਤਾਬਕ ਲੈਬਨਾਨ ਦੀ ਰਾਜਧਾਨੀ ਦੇ ਹਸਪਤਾਲਾਂ ਦੇ ਐਮਰਜੈਂਸੀ ਕਮਰਿਆਂ ਵਿੱਚ ਵਰਤੇ ਜਾਣ ਵਾਲੇ ਮੈਡੀਕਲ ਉਪਕਰਨ ਅਤੇ ਵਿਸ਼ੇਸ਼ ਬੈੱਡ ਲੈ ਕੇ 2 ਜਹਾਜ਼ ਚੈੱਕ ਰਿਪਬਲਿਕ ਤੋਂ ਬੇਰੂਤ ਪਹੁੰਚੇ।
ਟਿਊਨੀਸ਼ੀਆਈ ਲੇਬਰ ਫੈਡਰੇਸ਼ਨ ਨੇ ਇੱਕ ਫ਼ੌਜੀ ਜਹਾਜ਼ ਰਾਹੀਂ ਲੈਬਨਾਨ ਲਈ 16 ਟਨ ਦਵਾਈਆਂ ਅਤੇ ਰਸਦ ਭੇਜੀ ਹੈ। ਇਸੇ ਵਿਚਕਾਰ ਕੁਵੈਤ ਨੇ ਵੀ 2 ਫ਼ੌਜੀ ਜਹਾਜ਼ਾਂ ਰਾਹੀਂ ਕਈ ਟਨ ਰਸਦ ਅਤੇ ਮੈਡੀਕਲ ਉਪਕਰਨ ਭੇਜੇ ਹਨ।
ਸਪੇਨ ਤੋਂ ਆਏ ਇੱਕ ਜਹਾਜ਼ ਨੇ ਲੈਬਨਾਨ ਦੀ ਸੈਨਾ ਨੂੰ 6 ਟਨ ਆਟਾ ਦਿੱਤਾ ਹੈ। ਦੱਸਣਯੋਗ ਹੈ ਕਿ ਲੈਬਨਾਨ ਨੂੰ ਪਿਛਲੇ ਦਿਨੀਂ ਚੀਨ, ਰੂਸ, ਫਰਾਂਸ, ਜੌਰਡਨ, ਬਹਿਰੀਨ ਅਤੇ ਬ੍ਰਿਟੇਨ ਸਣੇ ਕਈ ਦੇਸ਼ਾਂ ਤੋਂ ਮਦਦ ਮਿਲੀ ਸੀ।
ਦੱਸਣਯੋਗ ਹੈ ਕਿ ਲੈਬਨਾਨ ਦੀ ਰਾਜਧਾਨੀ ਬੇਰੂਤ ਵਿੱਚ ਬੀਤੀ 4 ਅਗਸਤ ਨੂੰ ਸਥਾਨਕ ਸਮੇਂ ਮੁਤਾਬਕ ਸ਼ਾਮ ਦੇ 6 ਵਜੇ ਦੇ ਕਰੀਬ ਜ਼ਬਰਦਸਤ ਧਮਾਕੇ ਹੋਏ ਸਨ। ਜਿਸ ਵਿੱਚ 170 ਤੋਂ ਵੱਧ ਲੋਕਾਂ ਦੀ ਮੌਤ ਹੋਈ ਸੀ ਅਤੇ ਕਈ ਜ਼ਖ਼ਮੀ ਹੋਏ ਸਨ। ਬੇਰੁਤ ਦੇ ਗਵਰਨਰ ਨੇ ਜਾਣਕਾਰੀ ਦਿੱਤੀ ਹੈ ਕਿ ਧਮਾਕਿਆਂ ਕਾਰਨ 10 ਤੋਂ 15 ਬਿਲੀਅਨ ਅਮਰੀਕੀ ਡਾਲਰ ਦਾ ਨੁਕਸਾਨ ਹੋਇਆ ਹੈ।