ਬਗਦਾਦ: ਇਰਾਕ ਦੇ ਸਲਾਹੂਦੀਨ ਸੂਬੇ ’ਚ ਸ਼ਨਿਵਾਰ ਨੂੰ ਹੋਏ ਇੱਕ ਹਮਲੇ ਦੌਰਾਨ ਸੁਰੱਖਿਆ ਦਸਤੇ ਦੇ 7 ਜਵਾਨਾਂ ਦੀ ਮੌਤ ਹੋ ਗਈ, ਇਹ ਹਮਲਾ ਇਸਲਾਮਿਕ ਸਟੇਟ ਦੇ ਕੱਟੜਪੰਥੀਆਂ ਵੱਲੋਂ ਕੀਤਾ ਗਿਆ ਸੀ।
ਹਮਲਾ ਸ਼ਾਮ ਨੂੰ ਉਸ ਸਮੇਂ ਹੋਇਆ ਜਦੋਂ ਸੁਰੱਖਿਆ ਦਸਤੇ ਦੇ ਜਵਾਨ ਸੜਕ ਕੰਡੇ ਪਏ ਬੰਮ ਨੂੰ ਨਸ਼ਟ ਕਰਨ ਦੀ ਕੋਸ਼ਿਸ਼ ਕਰ ਰਹੇ ਸਨ। ਇਹ ਘਟਨਾ ਬਗਦਾਦ ਤੋਂ 200 ਕਿਲੋਮੀਟਰ ਦੂਰ ਉੱਤਰ ’ਚ ਸਥਿਤ ਅਲ-ਜੂਯੀਆਹ ਪਿੰਡ ’ਚ ਵਾਪਰੀ।
ਕਰਨਲ ਮੁਹਮੰਦ ਅਲ-ਬਾਜ਼ੀ ਨੇ ਦੱਸਿਆ ਕਿ ਸੁਰੱਖਿਆ ਦਸਤੇ ਉੱਪਰ ਨੇੜੇ ਦੇ ਮਾਖ਼ੌਲ ਪਹਾੜ ਤੋਂ ਹਮਲਾ ਕੀਤਾ ਗਿਆ। ਗੋਲੀਬਾਰੀ ਦੌਰਾਨ ਪੁਲਿਸ ਦਾ ਇੱਕ ਅਫ਼ਸਰ, ਦੋ ਪੁਲਿਸ ਜਵਾਨ ਅਤੇ ਸੁੰਨੀ ਅਰਧ-ਸੈਨਿਕ ਬਲ ਦੇ ਚਾਰ ਸੈਨਿਕ ਮਾਰੇ ਗਏ।
ਅਲ-ਬਾਜ਼ੀ ਨੇ ਦੱਸਿਆ ਕਿ ਹਮਲੇ ਦੌਰਾਨ ਦੋ ਪੁਲਿਸ ਜਵਾਨ ਜਖ਼ਮੀ ਵੀ ਹੋਏ ਹਨ ਅਤੇ ਘਟਨਾ ਨੂੰ ਅੰਜ਼ਾਮ ਦੇਣ ਤੋਂ ਬਾਅਦ ਹਮਲਾਵਰ ਪਹਾੜਾਂ ’ਚ ਜਾ ਛੁਪੇ।
ਸੁਰੱਖਿਆ ਦਸਤੇ ਦੇ ਜਿਹੜੇ ਸਮੂਹ ’ਤੇ ਹਮਲਾ ਹੋਇਆ ਉਨ੍ਹਾਂ ’ਚ ਇਰਾਕ ਪੁਲਿਸ ਦੇ ਜਵਾਨ ਵੀ ਸ਼ਾਮਲ ਸਨ। ਇਨ੍ਹਾਂ ਤੋਂ ਇਲਾਵਾ ਸਰਕਾਰ ਦਾ ਸਮਰਥਨ ਪ੍ਰਾਪਤ ਸੁੰਨੀ ਅਰਧ-ਸੈਨਿਕ ਬਲ, ਜਿਨ੍ਹਾਂ ਨੂੰ ਸਾਹਵਾ ਜਾ ਅਵੇਕਨਿੰਗ ਕਾਊਂਸਿਲ ਵੀ ਕਿਹਾ ਜਾਂਦਾ ਹੈ, ਉਨ੍ਹਾਂ ਦੇ ਜਵਾਨ ਵੀ ਇਸ ਦਲ ’ਚ ਸ਼ਾਮਲ ਸਨ।
ਬੀਤੇ ਕੁਝ ਦਿਨਾਂ ਦੌਰਾਨ ਸੁਰੱਖਿਆ ਬਲਾਂ ਅਤੇ ਆਮ ਨਾਗਰਿਕਾਂ ’ਤੇ ਇਸਲਾਮਿਕ ਸਟੇਟ ਦੇ ਕੱਟੜਪੰਥੀਆਂ ਨੇ ਕਈ ਹਮਲੇ ਕੀਤੇ ਹਨ, ਜਿਸ ਦੌਰਾਨ ਕਈ ਦਰਜਨ ਲੋਕਾਂ ਨੇ ਜਾਨ ਗਵਾਈ ਹੈ।