ਇਸਲਾਮਾਬਾਦ: ਇੰਟਰਨੈੱਟ ਦੀਆਂ ਦਿੱਗਜ਼ ਕੰਪਨੀਆਂ ਫੇਸਬੁੱਕ, ਗੁਗਲ ਤੇ ਟਵਿੱਟਰ ਨੇ ਪਾਕਿਸਤਾਨ ਸਰਕਾਰ ਵੱਲੋਂ ਪੇਸ਼ ਕੀਤੇ ਨਵੇਂ ਸੈਂਸਰਸ਼ਿਪ ਨਿਯਮਾਂ ਤੋਂ ਬਾਅਦ ਪਾਕਿਸਤਾਨ ਵਿੱਚ ਆਪਣੀ ਸੇਵਾਵਾਂ ਬੰਦ ਕਰਨ ਦੀ ਚੇਤਾਵਨੀ ਦਿੱਤੀ ਹੈ।
ਦਰਅਸਲ ਪਾਕਿਸਤਾਨ ਦੀ ਤਰਹੀਕ-ਏ-ਇਨਸਾਫ ਸਰਕਾਰ ਨੇ ਸੋਸ਼ਲ ਮੀਡੀਆ ਗਤੀਵਿਧੀਆਂ ਨੂੰ ਨਿਯੰਤਰਨ ਕਰਨ ਦੇ ਲਈ ਨਵੇਂ ਨਿਯਮਾਂ ਦੀ ਘੋਸ਼ਣਾ ਕੀਤੀ ਹੈ ਤੇ ਸਾਰੇ ਡਿਜ਼ੀਟਲ ਕੰਪਨੀਆਂ ਤੇ ਸੋਸ਼ਲ ਮੀਡੀਆ ਨੂੰ ਨਵੇਂ ਨਿਯਮਾਂ ਦਾ ਪਾਲਨ ਕਰਨ ਦੇ ਲਈ ਤਿੰਨ ਮਹੀਨਿਆਂ ਦਾ ਸਮਾਂ ਦਿੱਤਾ ਹੈ।
ਨਵੇਂ ਨਿਯਮ ਦੇ ਤਹਿਤ, ਇਨ੍ਹਾਂ ਕੰਪਨੀਆਂ ਨੂੰ ਇਸਲਾਮਾਬਾਦ ਵਿੱਚ ਆਪਣੇ ਦਫ਼ਤਰ ਖੋਲ੍ਹਣੇ ਪੈਣਗੇ, ਉਨ੍ਹਾਂ ਨੂੰ ਪਾਕਿਸਤਾਨ ਵਿੱਚ ਇੱਕ ਡਾਟਾ ਸੈਂਟਰ ਵੀ ਬਣਾਉਣਾ ਹੋਵੇਗਾ। ਇਸ ਤੋਂ ਇਲਾਵਾ, ਉਪਭੋਗਤਾਵਾਂ ਦੇ ਡਾਟੇ ਨੂੰ ਸਾਂਝਾ ਕਰਨ ਲਈ ਕਿਹਾ ਗਿਆ ਹੈ।
ਹੋਰ ਪੜ੍ਹੋ: ਸੀਰੀਆ 'ਤੇ ਹੋਇਆ ਵੱਡਾ ਹਵਾਈ ਹਮਲਾ, ਤੁਰਕੀ ਦੇ 33 ਜਵਾਨ ਸ਼ਹੀਦ
ਏਆਈਸੀ ਦੀ ਵੱਲੋਂ ਕਿਹਾ ਗਿਆ ਸੀ ਕਿ ਇਹ ਉਪਭੋਗਤਾਵਾਂ ਦੇ ਕਿਸੇ ਵੀ ਤਰਾਂ ਦੇ ਡਾਟੇ ਨਾਲ ਸਮਝੌਤਾ ਨਹੀਂ ਕਰ ਸਕਦੇ। ਇਹ ਉਸ ਦੀ ਨਿੱਜਤਾ ਅਤੇ ਪ੍ਰਗਟਾਵੇ ਦੀ ਆਜ਼ਾਦੀ ਦੇ ਵਿਰੁੱਧ ਹੋਵੇਗਾ।
ਇਸ ਦੇ ਨਾਲ ਹੀ ਇਨ੍ਹਾਂ ਕੰਪਨੀਆਂ ਨੇ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਨੂੰ 15 ਫਰਵਰੀ ਨੂੰ ਪੱਤਰ ਲਿਖ ਕੇ ਸੋਸ਼ਲ ਮੀਡੀਆ ਦੇ ਨਵੇਂ ਨਿਯਮਾਂ ਵਿੱਚ ਸੁਧਾਰ ਕਰਨ ਲਈ ਸਰਕਾਰ ਨੂੰ ਅਪੀਲ ਕੀਤੀ ਹੈ।