ਬੈਰੂਤ: ਸੀਰੀਆ ਵਿੱਚ ਵਿਰੋਧੀ ਬੁਲਾਰੇ ਅਤੇ ਯੁੱਧ ਦੀ ਨਿਗਰਾਨੀ ਕਰਨ ਵਾਲੀ ਸੰਸਥਾ ਨੇ ਕਿਹਾ ਹੈ ਕਿ ਉਤਰ ਪੱਛਮ ਸੀਰੀਆ ਵਿੱਚ ਸਥਿਤ ਵਿਦਰੋਹੀਆਂ ਦੇ ਇੱਕ ਸਿਖਲਾਈ ਕੈਂਪ 'ਤੇ ਕੀਤੇ ਗਏ ਹਵਾਈ ਹਮਲੇ ਵੱਚ 50 ਤੋਂ ਵੱਧ ਲੜਾਕੇ ਮਾਰੇ ਗਏ ਹਨ।
ਸੀਰੀਆ ਵਿੱਚ ਯੁੱਧ ਦੀ ਨਿਗਰਾਨੀ ਕਰਨ ਵਾਲੇ ਬ੍ਰਿਟੇਨ ਸਥਿਤ ਸੀਰੀਅਨ ਆਬਜ਼ਵੇਟਰੀ ਫ਼ਾਰ ਹਿਊਮਨ ਰਾਈਟਸ ਨੇ ਕਿਹਾ ਕਿ ਇਸ ਹਮਲੇ ਵਿੱਚ 56 ਲੜਾਕੇ ਮਾਰੇ ਗਏ ਹਨ ਅਤੇ ਲਗਭਗ 50 ਜ਼ਖ਼ਮੀ ਹੋਏ ਹਨ। ਰਾਹਤ ਤੇ ਬਚਾਅ ਕਾਰਜ ਹੁਣ ਵੀ ਜਾਰੀ ਹਨ।
ਤੁਰਕੀ ਸਮਰਥਕ ਸੀਰੀਆ ਦੇ ਵਿਰੋਧੀ ਗਰੁੱਪ ਦੇ ਬੁਲਾਰੇ ਯੁਸੂਫ਼ ਹਮੂਦ ਨੇ ਕਿਹਾ ਕਿ ਸੋਮਵਾਰ ਨੂੰ ਹੋਏ ਇਸ ਹਵਾਈ ਹਮਲੇ ਬਾਰੇ ਮੰਨਿਆ ਜਾਂਦਾ ਹੈ ਕਿ ਇਹ ਰੂਸ ਨੇ ਕੀਤਾ ਹੈ।
ਉਨ੍ਹਾਂ ਕਿਹਾ ਕਿ ਹਵਾਈ ਹਮਲੇ ਵਿੱਚ ਇਦਲਿਬ ਸੂਬੇ ਦੇ ਫੈਲਾਕ ਅਲ ਸ਼ਾਮ ਵੱਲੋਂ ਚਲਾਏ ਜਾ ਰਹੇ ਸਿਖਲਾਈ ਕੈਂਪ ਨੂੰ ਨਿਸ਼ਾਨਾ ਬਣਾਇਆ ਗਿਆ ਹੈ। ਫੈਲਾਕ ਅਲ ਸ਼ਾਮ ਵਿਦਰੋਹੀਆਂ ਦੇ ਵੱਡੇ ਸੰਗਠਨਾਂ ਵਿੱਚੋਂ ਇੱਕ ਹੈ।