ਲੰਡਨ: ਯੂਰਪੀਅਨ ਸੰਘ ਵਿਚਲੇ ਖਪਤਕਾਰਾਂ ਦੇ ਸਮੂਹਾਂ ਨੇ ਫੇਸਬੁੱਕ (Facebook) ਦੀ ਮਾਲਕੀਅਤ ਵਾਲੀ ਮੈਸੇਜਿੰਗ ਸੇਵਾ ਵਟਸਐਪ(WhatsApp) ਦੇ ਖਿਲਾਫ ਨਿੱਜਤਾ ਅਪਡੇਟ ਨੂੰ ਲੈ ਕੇ ਸ਼ਿਕਾਇਤ ਦਰਜ ਕਰਵਾਈ ਹੈ। ਸਮੂਹਾਂ ਦਾ ਕਹਿਣਾ ਹੈ ਕਿ ਵਟਸਐਪ ਗ਼ੈਰ-ਕਾਨੂੰਨੀ ਢੰਗ ਨਾਲ ਉਪਭੋਗਤਾਵਾਂ 'ਤੇ ਇੱਕ ਨਵਾਂ ਨਿੱਜਤਾ ਅਪਡੇਟ (privacy update) ਸਵੀਕਾਰ ਕਰਨ ਲਈ ਦਬਾਅ ਪਾ ਰਿਹਾ ਹੈ ਅਤੇ ਇਹ ਯੂਰਪੀਅਨ ਸੰਘ ਦੇ ਨਿਯਮਾਂ ਦੀ ਉਲੰਘਣਾ ਹੈ।
ਯੂਰਪੀਅਨ ਖਪਤਕਾਰ ਸੰਗਠਨ (BEUC) ਨੇ ਵਟਸਐਪ ਵਲੋਂ ਆਪਣੀ ਸੇਵਾ ਦੀਆਂ ਸ਼ਰਤਾਂ ਅਤੇ ਨਿੱਜਤਾ ਨੀਤੀ ਨੂੰ ਬਦਲਣ ਦੇ ਤਰੀਕਿਆਂ ਸਬੰਧੀ ਸੋਮਵਾਰ ਨੂੰ ਸ਼ਿਕਾਇਤ ਦਰਜ ਕਰਦਿਆਂ ਕਿਹਾ ਕਿ ਉਹ ਪਾਰਦਰਸ਼ੀ ਨਹੀਂ ਹਨ ਜਾਂ ਉਪਭੋਗਤਾਵਾਂ ਨੂੰ ਆਸਾਨੀ ਨਾਲ ਸਮਝ ਨਹੀਂ ਆਉਂਦੇ ਹਨ।
ਇਸ ਸਾਲ ਦੇ ਸ਼ੁਰੂਆਤ 'ਚ ਵਟਸਐਪ ਦੁਆਰਾ ਨਿੱਜਤਾ ਅਪਡੇਟ ਲਿਆਏ ਜਾਣ ਦੇ ਨਾਲ ਬਹੁਤ ਸਾਰੇ ਉਪਭੋਗਤਾਵਾਂ ਨੇ ਨਿੱਜਤਾ ਦੀਆਂ ਚਿੰਤਾਵਾਂ ਨੂੰ ਦੇਖਦਿਆਂ ਹੋਰ ਚੈਟਿੰਗ ਐਪਸ ਜਿਵੇਂ ਕਿ ਸਿਗਨਲ(Signal) ਅਤੇ ਟੈਲੀਗਰਾਮ(Telegram) ਦੀ ਵਰਤੋਂ ਕਰਨੀ ਸ਼ੁਰੂ ਕਰ ਦਿੱਤੀ ਸੀ। ਵਟਸਐਪ ਦੀ ਨਿੱਜਤਾ ਨੀਤੀ ਅਪਡੇਟ ਬਾਰੇ ਚਿੰਤਾ ਜ਼ਾਹਰ ਕੀਤੀ ਜਾ ਰਹੀ ਹੈ ਕਿ ਇਹ ਤਬਦੀਲੀਆਂ ਫੇਸਬੁੱਕ ਨੂੰ ਉਪਭੋਗਤਾਵਾਂ ਬਾਰੇ ਵਧੇਰੇ ਨਿੱਜੀ ਜਾਣਕਾਰੀ ਇਕੱਤਰ ਕਰਨ ਵਿੱਚ ਸਹਾਇਤਾ ਕਰੇਗੀ।
ਬੀ.ਈ.ਯੂ.ਸੀ ਦੇ ਡਾਇਰੈਕਟਰ-ਜਨਰਲ ਮੋਨਿਕ ਗੋਯੰਸ ਨੇ ਕਿਹਾ, "ਵਟਸਐਪ ਕਈ ਮਹੀਨਿਆਂ ਤੋਂ ਉਪਭੋਗਤਾਵਾਂ 'ਤੇ ਹਮਲਾਵਰ ਅਤੇ ਲਗਾਤਾਰ ਸਕ੍ਰੀਨ 'ਤੇ ਆਉਣ ਵਾਲੇ ਸੰਦੇਸ਼ਾਂ ਨਾਲ ਬੰਬਾਰੀ ਕਰ ਰਿਹਾ ਹੈ, ਤਾਂ ਜੋ ਉਨ੍ਹਾਂ ਨੂੰ ਇਸਦੀ ਵਰਤੋਂ ਦੀਆਂ ਨਵੀਆਂ ਸ਼ਰਤਾਂ ਅਤੇ ਨਿੱਜਤਾ ਨੀਤੀ ਨੂੰ ਸਵੀਕਾਰ ਕਰਨ ਲਈ ਮਜਬੂਰ ਕੀਤਾ ਜਾ ਸਕੇ।"
ਮੋਨਿਕ ਨੇ ਕਿਹਾ, 'ਉਹ ਉਪਭੋਗਤਾਵਾਂ ਨੂੰ ਕਹਿ ਰਹੇ ਹਨ ਕਿ ਜੇ ਉਹ ਨਵੀਂ ਸ਼ਰਤਾਂ ਨੂੰ ਨਹੀਂ ਮੰਨਦੇ ਤਾਂ ਉਨ੍ਹਾਂ ਦੀ ਐਪ ਸੇਵਾ ਬੰਦ ਕਰ ਦਿੱਤੀ ਜਾਵੇਗੀ। ਫਿਰ ਵੀ ਉਪਭੋਗਤਾ ਨਹੀਂ ਜਾਣਦੇ ਕਿ ਉਹ ਅਸਲ ਵਿੱਚ ਕੀ ਸਵੀਕਾਰ ਕਰ ਰਹੇ ਹਨ।
ਅੱਠ ਮੈਂਬਰੀ ਰਾਜਾਂ ਦੇ ਬੀ.ਈ.ਯੂ.ਸੀ ਅਤੇ ਖਪਤਕਾਰਾਂ ਦੇ ਅਧਿਕਾਰ ਸਮੂਹਾਂ ਨੇ ਯੂਰਪੀਅਨ ਸੰਘ ਦੇ ਕਾਰਜਕਾਰੀ ਕਮਿਸ਼ਨ ਅਤੇ ਖਪਤਕਾਰ ਅਧਿਕਾਰੀਆਂ ਦੇ ਨੈਟਵਰਕ ਕੋਲ ਸ਼ਿਕਾਇਤਾਂ ਦਾਇਰ ਕੀਤੀਆਂ ਹਨ।
ਇਹ ਵੀ ਪੜ੍ਹੋ:ਇਰਾਕ ’ਚ ਕੋਰੋਨਾ ਵਾਇਰਸ ਵਾਰਡ ’ਚ ਲੱਗੀ ਅੱਗ, 50 ਲੋਕਾਂ ਦੀ ਮੌਤ