ਹਾਂਗਕਾਂਗ: ਚੀਨ ਵੱਲੋਂ ਹਾਂਗਕਾਂਗ ਵਿਚ ਬਣੇ ਸੁਰੱਖਿਆ ਕਾਨੂੰਨ ਨੂੰ ਲੈ ਕੇ ਹੋ ਰਿਹਾ ਵਿਵਾਦ ਰੁਕਣ ਦਾ ਨਾਂਅ ਨਹੀਂ ਲੈ ਰਿਹਾ ਹੈ। ਲੋਕਾਂ ਨੇ ਇਸ ਦਾ ਵਿਰੋਧ ਕਰਨ ਦਾ ਵਿਲੱਖਣ ਢੰਗ ਲੱਭ ਲਿਆ ਹੈ। ਹਾਂਗਕਾਂਗ ਦੇ ਲੋਕਤੰਤਰ ਪੱਖੀ ਅੰਦੋਲਨਕਾਰੀਆਂ ਨੇ ਇਸ ਕਾਨੂੰਨ ਦੇ ਵਿਰੁੱਧ ਸਨਿੱਚਰਵਾਰ ਅਤੇ ਐਤਵਾਰ ਨੂੰ ਵੋਟਿੰਗ ਦਾ ਆਯੋਜਨ ਕੀਤਾ। ਇਸ ਵੋਟ ਪ੍ਰਕਿਰਿਆ ਵਿਚ ਲੱਖਾਂ ਲੋਕਾਂ ਨੇ ਹਿੱਸਾ ਲਿਆ।
ਐਤਵਾਰ ਸਵੇਰ ਤੋਂ ਹੀ ਪੋਲਿੰਗ ਸਟੇਸ਼ਨਾਂ ਦੇ ਬਾਹਰ ਲੰਬੀਆਂ ਕਤਾਰਾਂ ਲੱਗੀਆਂ ਹੋਈਆਂ ਸਨ। ਇਹ ਮੰਨਿਆ ਜਾ ਰਿਹਾ ਹੈ ਕਿ ਇਹ ਗ਼ੈਰ ਰਸਮੀ ਵੋਟਿੰਗ ਸਤੰਬਰ ਵਿੱਚ ਹੋਣ ਵਾਲੀਆਂ ਵਿਧਾਨ ਸਭਾ ਦੀਆਂ ਚੋਣਾਂ ਲਈ ਇੱਕ ਮਜ਼ਬੂਤ ਉਮੀਦਵਾਰ ਦੀ ਚੋਣ ਦਾ ਸਮਰਥਨ ਕਰੇਗੀ।
ਸਵੇਰੇ 9 ਵਜੇ ਵੋਟਿੰਗ ਸ਼ੁਰੂ ਹੋਣ ਤੋਂ ਪਹਿਲਾਂ ਹਾਂਗਕਾਂਗ ਦੇ ਕਈ ਪੋਲਿੰਗ ਬੂਥਾਂ ਉੱਤੇ ਲੰਬੀਆਂ ਕਤਾਰਾਂ ਵੇਖੀਆਂ ਗਈਆਂ। ਦੁਪਹਿਰ 3 ਵਜੇ ਤੱਕ 3.18 ਲੱਖ ਤੋਂ ਵੱਧ ਲੋਕਾਂ ਨੇ ਵੋਟ ਪਾਈ। ਸਨਿੱਚਰਵਾਰ ਦੇ ਅੰਤ ਤੱਕ 45 ਲੱਖ ਰਜਿਸਟਰਡ ਵੋਟਰਾਂ ਵਿਚੋਂ ਲਗਭਗ 2,34,547 ਲੋਕਾਂ ਨੇ ਆਪਣੇ ਉਮੀਦਵਾਰਾਂ ਦੀ ਚੋਣ ਕਰਨ ਲਈ ਵੋਟ ਪਾਈ।
ਸੰਵਿਧਾਨਕ ਅਤੇ ਮੁੱਖ ਭੂਮੀ ਦੇ ਮਾਮਲਿਆਂ ਦੇ ਸਕੱਤਰ ਏਰਿਕ ਤਸਾਂਗ ਕੋਵਕ-ਵਾਈ ਨੇ ਪਹਿਲਾਂ ਇਹ ਸੁਝਾਅ ਦਿੱਤਾ ਸੀ ਕਿ ਵਧੇਰੇ ਮਤਦਾਨ ਵਿਵਾਦਪੂਰਨ ਨਵੇਂ ਕਾਨੂੰਨਾਂ ਅਤੇ ਸਥਾਨਕ ਚੋਣ ਆਰਡੀਨੈਂਸਾਂ ਦੀ ਉਲੰਘਣਾ ਕਰ ਸਕਦਾ ਹੈ।
ਵੋਟਿੰਗ ਨੂੰ ਲੈ ਕੇ ਹਾਂਗਕਾਂਗ ਵਿਚ ਪ੍ਰਸ਼ਾਸਨਿਕ ਅਧਿਕਾਰੀਆਂ ਨੇ ਜ਼ਿਲ੍ਹਾ ਕੌਂਸਲਰਾਂ ਦੇ ਦਫਤਰਾਂ ਅਤੇ ਦੁਕਾਨਾਂ ਨੂੰ ਦੀ ਵਰਤੋਂ ਪੋਲਿੰਗ ਸਟੇਸ਼ਨਾਂ ਵਜੋਂ ਕਰਨ ਦਾ ਵਿਰੋਧ ਕਰ ਰਹੇ ਪੱਖ ਨੂੰ ਚਿਤਾਵਨੀ ਵੀ ਦਿੱਤੀ ਸੀ।