ਲੰਡਨ: ਬ੍ਰਿਟੇਨ ਦੇ ਪ੍ਰਧਾਨ ਮੰਤਰੀ ਬੌਰਿਸ ਜੌਨਸਨ ਨੇ ਚੇਤਾਵਨੀ ਦਿੱਤੀ ਹੈ ਕਿ ਕੋਵਿਡ -19 ਦੀ ਰੋਕਥਾਮ ਲਈ ਫਾਈਜ਼ਰ-ਬਾਇਓਨੋਟੈਕ ਟੀਕੇ ਦੀ ਮਨਜ਼ੂਰੀ ਦੇ ਵਿਚਕਾਰ ਮਾਰੂ ਵਾਇਰਸ ਵਿਰੁੱਧ ਲੜਾਈ ਅਜੇ ਖ਼ਤਮ ਨਹੀਂ ਹੋਈ ਹੈ।
ਬ੍ਰਿਟੇਨ ਫਾਈਜ਼ਰ-ਬਾਇਓਨਟੈਕ ਟੀਕੇ ਨੂੰ ਮਨਜ਼ੂਰੀ ਦੇਣ ਵਾਲਾ ਪਹਿਲਾ ਦੇਸ਼ ਬਣ ਗਿਆ ਹੈ, ਅਤੇ ਅਗਲੇ ਕੁੱਝ ਦਿਨਾਂ ਵਿੱਚ ਵਧੇਰੇ ਜੋਖਮ ਵਾਲੇ ਲੋਕਾਂ ਦਾ ਟੀਕਾਕਰਣ ਸ਼ੁਰੂ ਹੋ ਜਾਵੇਗਾ। ਜੌਨਸਨ ਨੇ ਵਿਸ਼ਵ ਦੇ 'ਨਾ ਦਿਖਣ ਵਾਲੇ ਦੁਸ਼ਮਣ' ਵਿਰੁੱਧ ਵਿਗਿਆਨ ਦੀ ਜਿੱਤ ਦੀ ਪ੍ਰਸ਼ੰਸਾ ਕੀਤੀ, ਪਰ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਬਹੁਤ ਜ਼ਿਆਦਾ 'ਆਸ਼ਾਵਾਦੀ' ਨਾ ਬਣਨ ਕਿਉਂਕਿ ਵਾਇਰਸ ਵਿਰੁੱਧ ਲੜਾਈ ਜਾਰੀ ਰਹਿ ਸਕਦੀ ਹੈ।
ਪ੍ਰਧਾਨ ਮੰਤਰੀ ਨੇ ਲੋਕਾਂ ਨੂੰ ਸਰਦੀਆਂ ਲਈ ਕੋਵਿਡ-19 ਦੇ ਨਿਯਮਾਂ ਦੀ ਪਾਲਣਾ ਕਰਨ ਦੀ ਬੇਨਤੀ ਕੀਤੀ। ਇੰਗਲੈਂਡ ਦੇ ਬਹੁਤੇ ਹਿੱਸਿਆਂ ਵਿੱਚ ਲਾਕਡਾਉਨ ਅਜੇ ਵੀ ਲਾਗੂ ਹੈ ਅਤੇ ਉਥੇ ਵਿਸ਼ੇਸ਼ ਸਾਵਧਾਨੀ ਵਰਤਣ ਦੀ ਜ਼ਰੂਰਤ ਹੈ।
ਬ੍ਰਿਟੇਨ ਦੇ ਪ੍ਰਧਾਨ ਮੰਤਰੀ ਨੇ ਕਿਹਾ, ‘ਇਹ ਇੱਕ ਸ਼ਾਨਦਾਰ ਪੱਲ ਹੈ, ਪਰ ਸਾਡੇ ਲਈ ਆਪਣੀ ਮੁਹਿੰਮ ਨੂੰ ਹੌਲੀ ਕਰਨ ਦਾ ਸਮਾਂ ਨਹੀਂ ਹੈ। ਕੋਵਿਡ -19 ਵਿਰੁੱਧ ਲੜਾਈ ਖ਼ਤਮ ਨਹੀਂ ਹੋਈ ਹੈ। ਸਾਨੂੰ ਸਾਵਧਾਨ ਰਹਿਣ ਦੀ ਲੋੜ ਹੈ।'
ਉਨ੍ਹਾਂ ਕਿਹਾ, ‘ਅਸੀਂ ਆਪਣੇ ਨਾ ਦਿਖਣ ਵਾਲੇ ਦੁਸ਼ਮਣ ਵਿਰੁੱਧ ਵਿਗਿਆਨ ਦੇ ਚਮਤਕਾਰ ਦੀ ਉਮੀਦ ਕਰ ਰਹੇ ਸੀ। ਹੁਣ ਸਾਨੂੰ ਦੁਸ਼ਮਣ ਨੂੰ ਰੋਕਣ ਦੀ ਤਾਕਤ ਮਿਲੀ ਹੈ। ਵਿਗਿਆਨੀਆਂ ਨੇ ਇਹ ਕਰ ਦਿਖਾਇਆ ਹੈ। ਸਾਨੂੰ ਵਿਗਿਆਨੀਆਂ ਦੀ ਸਫਲਤਾ ਦਾ ਜਸ਼ਨ ਮਨਾਉਣਾ ਚਾਹੀਦਾ ਹੈ, ਪਰ ਲੜਾਈ ਅਜੇ ਖਤਮ ਨਹੀਂ ਹੋਈ।
ਜੌਹਨਸਨ ਨੇ ਕਿਹਾ ਕਿ ਟੀਕਾਕਰਨ ਬਾਰੇ ਸੰਯੁਕਤ ਕਮੇਟੀ ਦੇ ਸੁਝਾਅ ਸਵੀਕਾਰ ਕੀਤੇ ਗਏ ਹਨ ਕਿ ਪਹਿਲੇ ਪੜਾਅ ਵਿੱਚ 'ਕੇਅਰ ਹੋਮਜ਼' ਵਿੱਚ ਰਹਿਣ ਵਾਲੇ ਲੋਕਾਂ, ਸਿਹਤ ਕਰਮਚਾਰੀਆਂ, ਬਜ਼ੁਰਗਾਂ ਅਤੇ ਗੰਭੀਰ ਰੂਪ ਵਿੱਚ ਬਿਮਾਰ ਲੋਕਾਂ ਨੂੰ ਟੀਕੇ ਦੀਆਂ ਖੁਰਾਕਾਂ ਦਿੱਤੀਆਂ ਜਾਣਗੀਆਂ।
ਉਨ੍ਹਾਂ ਕਿਹਾ, 'ਟੀਕੇ ਨੂੰ ਇੱਕ ਜਗ੍ਹਾ ਤੋਂ ਦੂਜੀ ਜਗ੍ਹਾ 'ਤੇ ਜ਼ੀਰੋ ਤੋਂ 70 ਡਿਗਰੀ ਦੇ ਤਾਪਮਾਨ 'ਤੇ ਲਿਜਾਣ ਨਾਲ ਜੁੜੀਆਂ ਚੁਣੌਤੀਆਂ ਹਨ ਅਤੇ ਹਰ ਵਿਅਕਤੀ ਨੂੰ ਤਿੰਨ ਹਫ਼ਤਿਆਂ ਦੇ ਅੰਤਰਾਲ 'ਤੇ ਦੋ ਖੁਰਾਕ ਦਿੱਤੀ ਜਾਵੇਗੀ। ਇਸ ਲਈ ਟੀਕਾਕਰਨ ਵਿੱਚ ਸਮਾਂ ਲੱਗੇਗਾ।
ਬ੍ਰਿਟੇਨ ਨੂੰ ਅਗਲੇ ਹਫਤੇ ਫਾਈਜ਼ਰ-ਬਾਇਓਨੋਟੈਕ ਟੀਕੇ ਦੀਆਂ ਅੱਠ ਲੱਖ ਖੁਰਾਕਾਂ ਪ੍ਰਾਪਤ ਹੋਣਗੀਆਂ ਅਤੇ ਅਗਲੇ ਦਿਨਾਂ ਵਿੱਚ 40 ਮਿਲੀਅਨ ਖੁਰਾਕਾਂ ਦੀ ਸਪਲਾਈ ਕੀਤੀ ਜਾਵੇਗੀ।