ਨਵੀਂ ਦਿੱਲੀ: ਰੂਸੀ ਹਮਲੇ ਕਾਰਨ ਯੂਕਰੇਨ ਵਿੱਚ ਫਸੇ ਭਾਰਤੀਆਂ ਨੂੰ ਵਾਪਸ ਲਿਆਉਣ ਲਈ ਏਅਰ ਇੰਡੀਆ ਸ਼ਨੀਵਾਰ ਨੂੰ ਆਪਣੀਆਂ ਤਿੰਨ ਉਡਾਣਾਂ ਰੋਮਾਨੀਆ ਦੀ ਰਾਜਧਾਨੀ ਬੁਖਾਰੇਸਟ ਅਤੇ ਇੱਕ ਉਡਾਣ ਹੰਗਰੀ ਦੀ ਰਾਜਧਾਨੀ ਬੁਡਾਪੇਸਟ ਲਈ ਰਵਾਨਾ (flights from Bucharest and Budapest) ਕਰੇਗੀ। ਇਹ ਜਾਣਕਾਰੀ ਸੀਨੀਅਰ ਸਰਕਾਰੀ ਅਧਿਕਾਰੀਆਂ ਨੇ ਦਿੱਤੀ।
ਉਨ੍ਹਾਂ ਦੱਸਿਆ ਕਿ ਜੋ ਵੀ ਭਾਰਤੀ ਨਾਗਰਿਕ ਸੜਕ ਰਾਹੀਂ ਯੂਕਰੇਨ-ਰੋਮਾਨੀਆ ਸਰਹੱਦ 'ਤੇ ਪਹੁੰਚੇ ਹਨ, ਉਨ੍ਹਾਂ ਨੂੰ ਭਾਰਤ ਸਰਕਾਰ ਦੇ ਅਧਿਕਾਰੀ ਬੁਖਾਰੇਸਟ ਲੈ ਜਾਣਗੇ ਤਾਂ ਜੋ ਉਨ੍ਹਾਂ ਨੂੰ ਏਅਰ ਇੰਡੀਆ ਦੀਆਂ ਇਨ੍ਹਾਂ ਦੋ ਉਡਾਣਾਂ ਰਾਹੀਂ ਘਰ ਲਿਆਂਦਾ ਜਾ ਸਕੇ। ਵੀਰਵਾਰ ਨੂੰ, ਯੂਕਰੇਨ ਦੇ ਅਧਿਕਾਰੀਆਂ ਨੇ ਯਾਤਰੀ ਜਹਾਜ਼ਾਂ ਦੇ ਸੰਚਾਲਨ ਲਈ ਆਪਣੇ ਦੇਸ਼ ਦਾ ਹਵਾਈ ਖੇਤਰ ਬੰਦ ਕਰ ਦਿੱਤਾ, ਇਸ ਲਈ ਇਹ ਉਡਾਣਾਂ ਬੁਖਾਰੇਸਟ ਅਤੇ ਬੁਡਾਪੇਸਟ ਤੋਂ ਭਾਰਤੀਆਂ ਨੂੰ ਘਰ ਲਿਆਉਣ ਲਈ ਚਲਾਈਆਂ ਜਾ ਰਹੀਆਂ ਹਨ।
ਏਅਰ ਇੰਡੀਆ ਨੇ ਸ਼ੁੱਕਰਵਾਰ ਰਾਤ ਨੂੰ ਟਵਿੱਟਰ 'ਤੇ ਕਿਹਾ ਕਿ ਉਹ ਅੱਜ (26 ਫਰਵਰੀ, ਸ਼ਨੀਵਾਰ) ਦਿੱਲੀ ਅਤੇ ਮੁੰਬਈ ਤੋਂ ਬੁਖਾਰੇਸਟ ਅਤੇ ਬੁਡਾਪੇਸਟ ਲਈ ਬੀ787 ਜਹਾਜ਼ਾਂ ਦਾ ਸੰਚਾਲਨ ਕਰੇਗਾ। ਯੂਕਰੇਨ ਵਿੱਚ ਭਾਰਤੀ ਦੂਤਾਵਾਸ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਉਹ ਰੋਮਾਨੀਆ ਅਤੇ ਹੰਗਰੀ ਤੋਂ ਆਉਣ ਅਤੇ ਜਾਣ ਵਾਲੇ ਰੂਟਾਂ ਦੀ ਨਿਸ਼ਾਨਦੇਹੀ 'ਤੇ ਕੰਮ ਕਰ ਰਿਹਾ ਹੈ।
ਦੂਤਾਵਾਸ ਨੇ ਕਿਹਾ, "ਮੌਜੂਦਾ ਸਮੇਂ ਚ ਅਧਿਕਾਰੀਆਂ ਦੀਆਂ ਟੀਮਾਂ ਉਜ਼ੋਰੌਡ ਨੇੜੇ ਚੋਪ-ਜਾਹੋਨੀ ਹੰਗਰੀ ਦੀ ਸਰਹੱਦ 'ਤੇ ਪਹੁੰਚ ਰਹੀਆਂ ਹਨ, ਚੇਰਨੀਵਤਸੀ ਨੇੜੇ ਪੋਰਬਨੇ-ਸਿਰੇਤ ਰੋਮਾਨੀਆ ਸਰਹੱਦੀ ਚੌਕੀਆਂ ਤੇ ਪਹੁੰਚ ਰਹੀ ਹੈ। ਦੂਤਾਵਾਸ ਨੇ ਕਿਹਾ ਕਿ ਇਨ੍ਹਾਂ ਸਰਹੱਦੀ ਜਾਂਚ ਚੌਕੀਆਂ ਦੇ ਨੇੜੇ ਰਹਿਣ ਵਾਲੇ ਭਾਰਤੀ ਨਾਗਰਿਕਾਂ, ਖਾਸ ਤੌਰ 'ਤੇ ਵਿਦਿਆਰਥੀਆਂ ਨੂੰ ਸਲਾਹ ਦਿੱਤੀ ਜਾਂਦੀ ਹੈ ਕਿ ਉਹ ਵਿਦੇਸ਼ ਮੰਤਰਾਲੇ ਦੀਆਂ ਟੀਮਾਂ ਨਾਲ ਤਾਲਮੇਲ ਕਰਕੇ ਕ੍ਰਮਬੱਧ ਤਰੀਕੇ ਨਾਲ ਰਵਾਨਾ ਹੋਣ।
ਅਧਿਕਾਰੀਆਂ ਦਾ ਕਹਿਣਾ ਹੈ ਕਿ ਯੂਕਰੇਨ ਚ ਫਿਲਹਾਲ ਕਰੀਬ 20,000 ਭਾਰਤੀ ਫਸੇ ਹੋਏ ਹਨ ਜਿਨ੍ਹਾਂ ਚ ਜਿਆਦਾਤਰ ਵਿਦਿਆਰਥੀ ਹਨ।
ਦੂਤਾਵਾਸ ਨੇ ਭਾਰਤੀਆਂ ਨੂੰ ਸਲਾਹ ਦਿੱਤੀ ਹੈ ਕਿ ਉਹ ਆਪਣੇ ਪਾਸਪੋਰਟ, ਨਕਦੀ (ਮੁੱਖ ਤੌਰ 'ਤੇ ਡਾਲਰਾਂ ਵਿੱਚ), ਹੋਰ ਜ਼ਰੂਰੀ ਵਸਤਾਂ ਅਤੇ ਕੋਵਿਡ ਟੀਕਾਕਰਨ ਸਰਟੀਫਿਕੇਟ ਆਪਣੇ ਨਾਲ ਸਰਹੱਦੀ ਜਾਂਚ ਚੌਕੀਆਂ 'ਤੇ ਆਪਣੇ ਕੋਲ ਰੱਖਣ। ਦੂਤਾਵਾਸ ਨੇ ਕਿਹਾ ਹੈ, 'ਸਫ਼ਰ ਦੌਰਾਨ ਭਾਰਤੀ ਝੰਡੇ ਦਾ ਪ੍ਰਿੰਟ (ਕਾਗਜ਼ 'ਤੇ) ਕੱਢ ਲਓ ਅਤੇ ਇਨ੍ਹਾਂ ਨੂੰ ਵਾਹਨਾਂ ਅਤੇ ਬੱਸਾਂ 'ਤੇ ਚਿਪਕਾਓ।
ਯੂਕਰੇਨ ਦੀ ਰਾਜਧਾਨੀ ਕੀਵ ਅਤੇ ਰੋਮਾਨੀਆ ਦੀ ਸਰਹੱਦ ਵਿਚਕਾਰ ਦੂਰੀ ਲਗਭਗ 600 ਕਿਲੋਮੀਟਰ ਹੈ ਅਤੇ ਸੜਕ ਦੁਆਰਾ ਇਸ ਦੂਰੀ ਨੂੰ ਪੂਰਾ ਕਰਨ ਲਈ ਸਾਢੇ ਅੱਠ ਤੋਂ 11 ਘੰਟੇ ਦਾ ਸਮਾਂ ਲੱਗਦਾ ਹੈ। ਬੁਖਾਰੇਸਟ ਰੋਮਾਨੀਆ ਦੀ ਸਰਹੱਦੀ ਜਾਂਚ ਚੌਕੀ ਤੋਂ ਲਗਭਗ 500 ਕਿਲੋਮੀਟਰ ਦੀ ਦੂਰੀ 'ਤੇ ਹੈ ਅਤੇ ਸੜਕ ਦੁਆਰਾ ਯਾਤਰਾ ਕਰਨ ਲਈ ਲਗਭਗ ਸੱਤ ਤੋਂ ਨੌਂ ਘੰਟੇ ਲੱਗਦੇ ਹਨ। ਉੱਥੇ ਹੀ ਕੀਵ ਅਤੇ ਹੰਗਰੀ ਦੀ ਸਰਹੱਦ ਵਿਚਕਾਰ ਲਗਭਗ 820 ਕਿਲੋਮੀਟਰ ਦੀ ਦੂਰੀ ਹੈ ਅਤੇ ਇਸ ਨੂੰ ਸੜਕ ਦੁਆਰਾ ਪੂਰਾ ਕਰਨ ਲਈ 12-13 ਘੰਟੇ ਲੱਗਦੇ ਹਨ।
ਇਹ ਵੀ ਪੜੋ: ਤਪਾ ਮੰਡੀ ਦੇ ਨੌਜਵਾਨਾਂ ਨੇ ਦੱਸੇ ਯੂਕਰੇਨ ਦੇ ਹਾਲਾਤ, ਕਿਹਾ- ਲਗਾਤਾਰ ਹੋ ਰਹੇ ਨੇ ਧਮਾਕੇ