ਕੀਵ: ਪਿਛਲੇ ਦਿਨੀਂ ਇਰਾਨ ਵੱਲੋਂ ਯੁਕ੍ਰੇਨਿਅਨ ਏਅਰਲਾਈਨਸ ਦੇ ਜਹਾਜ਼ ਦੇ ਹਾਦਸੇ ਸਬੰਧੀ ਕੀਤੇ ਕਬੂਲਨਾਮੇ ਦੇ ਚਲਦਿਆਂ, ਜਿਸ ਵਿੱਚ ਇਰਾਨ ਨੇ ਇਹ ਕਬੂਲ ਕੀਤਾ ਹੈ ਕਿ ਉਨ੍ਹਾਂ ਦੀ ਫ਼ੌਜਾਂ ਦੀ ਗ਼ਲਤੀ ਕਾਰਨ ਹੀ ਯੁਕ੍ਰੇਨਿਅਨ ਏਅਰਲਾਈਨਸ ਦਾ ਜਹਾਜ਼ ਕ੍ਰੈਸ਼ ਹੋਇਆ ਹੈ। ਹਣ ਯੁਕ੍ਰੇਨ ਦੇ ਰਾਸ਼ਟਰਪਤੀ "ਵਲੋਡੀਮਾਇਰ ਜ਼ੇਲੇਨਸਕੀ" ਨੇ ਤਹਿਰਾਨ ਕੋਲ ਕਈ ਕਿਸਮ ਦੀਆਂ ਮੰਗਾਂ ਰੱਖਿਆਂ ਹਨ। ਇਨ੍ਹਾਂ ਵਿੱਚ ਮਰਨ ਵਾਲਿਆਂ ਦੇ ਪਰਿਵਾਰਾਂ ਨੂੰ ਮੁਆਵਜ਼ਾ ਰਾਸ਼ੀ ਅਤੇ ਅਧਿਕਾਰਿਕ ਰੂਪ 'ਚ ਮੁਆਫ਼ੀ ਮੰਗਣਾ ਵੀ ਸ਼ਾਮਲ ਹੈ।
ਫ਼ੇਸਬੁੱਕ ਦੀ ਇੱਕ ਪੋਸਟ 'ਚ "ਵਲੋਡੀਮਾਇਰ ਜ਼ੇਲੇਨਸਕੀ" ਨੇ ਕਿਹਾ ਕਿ "ਇਹ ਸਵੇਰ ਚੰਗੀ ਨਹੀਂ ਹੈ, ਪਰ ਇਹ ਸੱਚ ਜ਼ਰੂਰ ਸਾਹਮਣੇ ਲੈ ਕੇ ਆਈ ਹੈ। ਹਾਲਾਂਕਿ ਕੌਮਾਂਤਰੀ ਕਮੀਸ਼ਨ ਦੇ ਖ਼ਤਮ ਹੋਣ ਤੋਂ ਪਹਿਲਾਂ ਹੀ ਤਹਿਰਾਨ ਨੇ ਯੁਕ੍ਰੇਨੀ ਜਹਾਜ਼ ਦੇ ਕ੍ਰੈਸ਼ ਹੋਣ ਨੂੰ ਲੈ ਕੇ ਆਪਣੀ ਗ਼ਲਤੀ ਮੰਨੀ ਸੀ, ਪਰ ਅਸੀਂ ਇਰਾਨ ਨੂੰ ਪੂਰੀ ਤਰ੍ਹਾਂ ਨਾਲ ਗ਼ਲਤੀ ਮੰਨਣ ਦੀ ਗੱਲ ਕਹਿੰਦੇ ਹਾਂ।"
"ਹਾਦਸੇ ਦੀ ਜਾਂਚ ਲਈ ਅਸੀਂ ਇਰਾਨ ਤੋਂ ਪੂਰਨ ਭਰੋਸਾ ਅਤੇ ਇੱਛਾ ਸ਼ਕਤੀ ਦੀ ਮੰਗ ਕਰਦੇ ਹਾ ਤਾਂ ਜੋ ਹਾਦਸੇ ਪਿੱਛੇ ਜ਼ਿੰਮੇਵਾਰ ਲੋਕਾਂ ਨੂੰ ਸਜ਼ਾ ਮਿਲ ਸਕੇ ਅਤੇ ਹਾਦਸੇ 'ਚ ਮਾਰੇ ਗਏ ਲੋਕਾਂ ਦੀਆਂ ਮ੍ਰਿਤਕ ਦੇਹਾਂ ਨੂੰ ਮੋੜਿਆ ਜਾਵੇ, ਨਾਲ ਹੀ ਮੁਆਵਜ਼ਾ ਅਤੇ ਅਧਿਕਾਰਿਕ ਰੂਪ 'ਚ ਮੁਆਫ਼ੀ ਵੀ ਮੰਗੀ ਜਾਵੇ।
"ਵਲੋਡੀਮਾਇਰ ਜ਼ੇਲੇਨਸਕੀ" ਨੇ ਕਿਹਾ ਕਿ ਅਸੀਂ ਉਮੀਦ ਕਰਦੇ ਹਾਂ ਕਿ ਹਾਦਸੇ ਸਬੰਧੀ ਜਾਂਚ ਬਿਨਾ ਰੁਕਾਵਟ ਹੋਵੇਗੀ ਅਤੇ ਹਾਦਸੇ ਲਈ ਜ਼ਿੰਮੇਵਾਰ ਲੋਕਾਂ ਵੱਲੋਂ ਲਏ ਫ਼ੈਸਲਿਆਂ ਅਤੇ ਕੰਮਾਂ ਦੀ ਵੀ ਸਮੀਖਿਆ ਕੀਤੀ ਜਾਵੇਗੀ।
ਜ਼ਿਕਰਯੋਗ ਹੈ ਕਿ ਸ਼ਨੀਵਾਰ ਨੂੰ ਇਰਾਨ ਨੇ ਇਹ ਕਬੂਲ ਕੀਤਾ ਹੈ ਕਿ ਉਸ ਦੀਆਂ ਫ਼ੌਜਾਂ ਨੇ ਹੀ ਗ਼ਲਤੀ ਨਾਲ ਯੁਕ੍ਰੇਨਿਅਨ ਏਅਰਲਾਈਨ ਦੇ ਜਹਾਜ਼ ਨੂੰ ਗਿਰਾਇਆ ਸੀ, ਪਰ ਇਹ ਇੱਕ ਅਣਇੱਛਤ ਮਨੁੱਖੀ ਗ਼ਲਤੀ ਦਾ ਹੀ ਨਤੀਜਾ ਹੈ ਅਤੇ ਇਸ ਲਈ ਜ਼ਿੰਮੇਵਾਰ ਜਵਾਬ ਦੇਹ ਜ਼ਰੂਰ ਹੋਣਗੇ।
ਇਰਾਨ ਨੇ ਇਸ ਵਿੱਚ ਇਹ ਵੀ ਕਿਹਾ ਹੈ ਕਿ ਯੁਕ੍ਰੇਨ ਦੇ ਜਹਾਜ਼ ਨੇ ਆਈ ਆਰ ਜੀ ਸੀ ਫ਼ੌਜੀ ਸੈਂਟਰ ਦੇ ਬਹੁਤ ਨਜ਼ਦੀਕ ਉਡਾਨ ਭਰੀ ਸੀ ਅਤੇ ਇਸ ਉਚਾਈਂ 'ਤੇ ਦੁਸ਼ਮਣ ਦੇ ਜਹਾਜ਼ਾਂ ਨੂੰ ਨਿਸ਼ਾਨਾ ਬਣਾਇਆ ਜਾਂਦਾ ਹੈ।
ਜਾਣਕਾਰੀ ਲਈ ਦੱਸ ਦਈਏ ਕਿ ਮਰਨ ਵਾਲਿਆਂ ਵਿੱਚ 82 ਇਰਾਨ, 63 ਕੈਨੇਡਾ, 11 ਯੁਕ੍ਰੇਨ, 10 ਸਵੀਡਨ, 04 ਅਫ਼ਗ਼ਾਨ, 04 ਬਰਤਾਨੀਆ ਅਤੇ 03 ਜਰਮਨ ਨਾਗਰਿਕ ਸ਼ਾਮਲ ਸਨ।