ਕਾਬੁਲ: ਅਫਗਾਨਿਸਤਾਨ ਚ ਤਾਲਿਬਾਨ ਦਾ ਤਾਂਡਵ ਲਗਾਤਾਰ ਜਾਰੀ ਹੈ। ਤਾਜਾ ਘਟਨਾ ’ਚ ਤਾਲਿਬਾਨ ਨੇ ਅਫਗਾਨਿਸਤਾਨ ਦੀ 12ਵੀਂ ਸੂਬਾਈ ਰਾਜਧਾਨੀ - ਕੰਧਾਰ ’ਤੇ ਵੀ ਕਬਜ਼ਾ ਕਰ ਲਿਆ ਹੈ। ਕੰਧਾਰ ਦੇਸ਼ ਦਾ ਦੂਜਾ ਸਭ ਤੋਂ ਵੱਡਾ ਸ਼ਹਿਰ ਹੈ। ਅਧਿਕਾਰੀਆਂ ਨੇ ਦੱਸਿਆ ਕਿ ਕੰਧਾਰ ਨੂੰ ਵੀਰਵਾਰ ਰਾਤ ਨੂੰ ਤਾਲਿਬਾਨ ਨੇ ਆਪਣੇ ਕਬਜ਼ੇ ਵਿੱਚ ਲੈ ਲਿਆ ਅਤੇ ਸਰਕਾਰੀ ਅਧਿਕਾਰੀ ਅਤੇ ਉਨ੍ਹਾਂ ਦੇ ਪਰਿਵਾਰ ਕਿਸੇ ਤਰ੍ਹਾਂ ਹਵਾਈ ਮਾਰਗ ਰਾਹੀਂ ਭੱਜਣ ਵਿੱਚ ਕਾਮਯਾਬ ਹੋ ਗਏ।
ਇਸ ਤੋਂ ਪਹਿਲਾਂ ਵੀਰਵਾਰ ਨੂੰ ਹੀ ਤਾਲਿਬਾਨ ਨੇ ਅਫਗਾਨਿਸਤਾਨ ਦੇ ਤੀਜੇ ਸਭ ਤੋਂ ਵੱਡੇ ਸ਼ਹਿਰ ਹੇਰਾਤ ’ਤੇ ਕਬਜ਼ਾ ਕਰ ਲਿਆ ਸੀ।
ਤਾਲਿਬਾਨ ਲੜਾਕਿਆਂ ਨੇ ਇਤਿਹਾਸਕ ਸ਼ਹਿਰ ਦੀ ਮਹਾਨ ਮਸਜਿਦ ਤੋਂ ਅੱਗੇ ਵਧ ਕੇ ਸਰਕਾਰੀ ਇਮਾਰਤਾਂ ’ਤੇ ਕਬਜ਼ਾ ਕਰ ਲਿਆ। ਚਸ਼ਮਦੀਦ ਨੇ ਦੱਸਿਆ ਕਿ ਇੱਕ ਸਰਕਾਰੀ ਇਮਾਰਤ ਤੋਂ ਰੁਕ -ਰੁਕ ਕੇ ਗੋਲੀਬਾਰੀ ਦੀ ਆਵਾਜ਼ ਸੁਣੀ ਗਈ ਸੀ, ਜਦਕਿ ਬਾਕੀ ਸ਼ਹਿਰ ’ਚ ਸ਼ਾਂਤੀ ਸੀ ਅਤੇ ਉੱਥੇ ਤਾਲਿਬਾਨ ਦਾ ਕਬਜ਼ਾ ਕਰ ਲਿਆ ਸੀ।
ਗਜਨੀ ’ਤੇ ਤਾਲਿਬਾਨ ਦੇ ਕਬਜੇ ਤੋਂ ਅਫਗਾਨਿਸਤਾਨ ਦੀ ਰਾਜਧਾਨੀ ਨੂੰ ਦੇਸ਼ ਦੇ ਦੱਖਣ ਪ੍ਰਾਂਤਾਂ ਤੋਂ ਜੋੜਣ ਵਾਲਾ ਅਹਿਮ ਰਾਜਮਾਰਗ ਕੱਟ ਗਿਆ। ਕਾਬੁਲ ਅਜੇ ਸਿੱਧੇ ਖਤਰੇ ’ਚ ਨਹੀਂ ਹੈ, ਪਰ ਤਾਲਿਬਾਨ ਦੀ ਦੇਸ਼ ਚ ਪਕੜ ਮਜ਼ਬੂਤ ਹੁੰਦੀ ਜਾ ਰਹੀ ਹੈ ਅਤੇ ਦੋ ਤਿਹਾਈ ਤੋਂ ਜਿਆਦਾ ਖੇਤਰ ’ਤੇ ਉਹ ਕਾਬਿਜ ਹੋ ਗਿਆ ਹੈ। ਅੱਤਵਾਦੀ ਸੰਗਠਨ ਹੋਰ ਸੂਬਾਈ ਰਾਜਧਾਨੀਆਂ ਵਿੱਚ ਸਰਕਾਰੀ ਬਲਾਂ 'ਤੇ ਦਬਾਅ ਪਾ ਰਿਹਾ ਹੈ।
ਵਿਗੜਦੀ ਸੁਰੱਖਿਆ ਸਥਿਤੀ ਦੇ ਮੱਦੇਨਜ਼ਰ, ਅਮਰੀਕਾ ਕਾਬੁਲ ਸਥਿਤ ਅਮਰੀਕੀ ਦੂਤਾਵਾਸ ਤੋਂ ਕਰਮਚਾਰੀਆਂ ਨੂੰ ਕੱਢਣ ਦੇ ਲਈ 3,000 ਸਿਪਾਹੀਆਂ ਨੂੰ ਭੇਜ ਰਿਹਾ ਹੈ। ਇਸ ਦੇ ਨਾਲ ਹੀ, ਬ੍ਰਿਟੇਨ ਆਪਣੇ ਨਾਗਰਿਕਾਂ ਨੂੰ ਦੇਸ਼ ਤੋਂ ਬਾਹਰ ਕੱਢਣ ਦੀ ਮਦਦ ਦੇਣ ਦੇ ਲਈ ਉੱਥੇ ਲਗਭਗ 600 ਸਿਪਾਹੀ ਵੀ ਤਾਇਨਾਤ ਕਰੇਗਾ।
ਅਫਗਾਨਿਸਤਾਨ ਤੋਂ ਅਮਰੀਕਾ ਅਤੇ ਨਾਟੋ ਬਲਾਂ ਦੀ ਵਾਪਸੀ ਦੇ ਵਿਚਾਲੇ ਤਾਲਿਬਾਨ ਨੇ ਵੀਰਵਾਰ ਨੂੰ ਕਾਬੁਲ ਦੇ ਨੇੜੇ ਇੱਕ ਹੋਰ ਪ੍ਰਾਂਤੀਅ ਰਾਜਧਾਨੀ ਗਜਨੀ ’ਤੇ ਕਬਜਾ ਕਰ ਲਿਆ ਸੀ। ਕਾਬੁਲ ਦੇ ਦੱਖਣ ਪੱਛਮ ’ਚ 130 ਕਿਲੋਮੀਟਰ ਦੀ ਦੂਰੀ ’ਤੇ ਸਥਿਤ ਗਜਨੀ ਚ ਅੱਤਵਾਦੀਆਂ ਨੇ ਚਿੱਟੇ ਝੰਡੇ ਲਹਿਰਾਏ ਸੀ।
ਗਜਨੀ ਦੇ ਤਾਲਿਬਾਨ ਦੇ ਹੱਥਾਂ ’ਚ ਜਾਣ ਤੋਂ ਇੱਥੇ ਹੁਣ ਸਰਕਾਰੀ ਬਲਾਂ ਦੀ ਆਵਾਜਾਈ ਚ ਮੁਸ਼ਕਿਲਾਂ ਆਉਣਗੀਆਂ ਕਿਉਂਕਿ ਇਹ ਕਾਬੁਲ ਕੰਧਾਰ ਰਾਜਮਾਰਗ ’ਤੇ ਹੈ। ਇਸ ਵਿਚਾਲੇ ਅਫਗਾਨਿਸਤਾਨ ਦੇ ਸਭ ਤੋਂ ਵੱਡੇ ਸ਼ਹਿਰਾਂ ਚੋਂ ਇੱਕ ਲਸ਼ਕਰ ਗਾਹ ਚ ਲੜਾਈ ਤੇਜ਼ ਹੋ ਗਈ ਹੈ।
ਹੇਲਮੰਦ ਦੀ ਸੰਸਦ ਮੈਂਬਰ ਨਸੀਮਾ ਨਿਆਜ਼ੀ ਨੇ ਕਿਹਾ ਕਿ ਰਾਜਧਾਨੀ ਦੇ ਖੇਤਰੀ ਪੁਲਿਸ ਮੁੱਖ ਦਫਤਰ ਨੂੰ ਬੁੱਧਵਾਰ ਨੂੰ ਇੱਕ ਆਤਮਘਾਤੀ ਕਾਰ ਬੰਬ ਹਮਲੇ ਵਿੱਚ ਨਿਸ਼ਾਨਾ ਬਣਾਇਆ ਗਿਆ ਸੀ। ਵੀਰਵਾਰ ਨੂੰ ਤਾਲਿਬਾਨ ਨੇ ਹੈੱਡਕੁਆਰਟਰ ’ਤੇ ਕਬਜ਼ਾ ਕਰ ਲਿਆ ਅਤੇ ਕੁਝ ਪੁਲਿਸ ਅਧਿਕਾਰੀਆਂ ਨੇ ਉਨ੍ਹਾਂ ਦੇ ਅੱਗੇ ਆਤਮ ਸਮਰਪਣ ਕਰ ਦਿੱਤਾ, ਜਦੋਂ ਕਿ ਕਈਆਂ ਨੇ ਨੇੜਲੇ ਰਾਜਪਾਲ ਦਫਤਰ ਵਿੱਚ ਪਨਾਹ ਲਈ, ਜੋ ਅਜੇ ਵੀ ਸਰਕਾਰੀ ਬਲਾਂ ਦੇ ਕਬਜ਼ੇ ’ਚ ਹੈ।
ਇਹ ਵੀ ਪੜੋ: ਤਾਲਿਬਾਨ ਦਾ ਅਫਗਾਨਿਸਤਾਨ ਦੇ ਤੀਸਰੇ ਸਭ ਤੋਂ ਵੱਡੇ ਸ਼ਹਿਰ ‘ਤੇ ਕਬਜ਼ਾ
ਕੰਧਾਰ ਚ ਬੁੱਧਵਾਰ ਰਾਤ ਨੂੰ ਤਾਲਿਬਾਨ ਲੜਾਕਿਆਂ ਨੇ ਕਾਰਾਗਾਰ ’ਤੇ ਹਮਲਾ ਕੀਤਾ ਅਤੇ ਕੈਦੀਆਂ ਨੂੰ ਰਿਹਾਅ ਕਰਵਾ ਲਿਆ।
ਨਿਆਜ਼ੀ ਨੇ ਇਲਾਕੇ ਵਿੱਚ ਹਵਾਈ ਹਮਲਿਆਂ ਦੀ ਨਿੰਦਾ ਕੀਤੀ ਅਤੇ ਖਦਸ਼ਾ ਸੀ ਕਿ ਇਸ ਵਿੱਚ ਨਾਗਰਿਕ ਮਾਰੇ ਜਾ ਸਕਦੇ ਹਨ। ਉਨ੍ਹਾਂ ਕਿਹਾ, "ਤਾਲਿਬਾਨ ਲੜਾਕਿਆਂ ਨੇ ਆਪਣੀ ਰੱਖਿਆ ਲਈ ਨਾਗਰਿਕ ਘਰਾਂ ਦੀ ਵਰਤੋਂ ਕੀਤੀ ਅਤੇ ਸਰਕਾਰ ਨਾਗਰਿਕਾਂ ਦੀ ਪਰਵਾਹ ਕੀਤੇ ਬਗੈਰ ਹਵਾਈ ਹਮਲੇ ਕਰ ਰਹੀ ਹੈ।"
ਮੰਨਿਆ ਜਾ ਰਿਹਾ ਹੈ ਕਿ ਅਮਰੀਕੀ ਹਵਾਈ ਫੌਜ ਹਵਾਈ ਹਮਲਿਆਂ ਚ ਅਫਗਾਨ ਬਲਾਂ ਦੀ ਮਦਦ ਕਰ ਰਹੀ ਹੈ। ਅਮਰੀਕੀ ਬੰਬ ਹਮਲਿਆਂ ਚ ਕਿੰਨੇ ਲੋਕ ਮਾਰੇ ਗਏ ਹਨ। ਇਸਦੀ ਅਜੇ ਜਾਣਕਾਰੀ ਨਹੀਂ ਮਿਲ ਪਾਈ ਹੈ।