ਬਗਦਾਦ : ਈਰਾਕ ਦੀ ਰਾਜਧਾਨੀ ਬਗਦਾਦ 'ਚ ਰਾਕੇਟ ਹਮਲਾ ਹੋਇਆ। ਇਹ ਹਮਲਾ ਬਗਦਾਦ ਦੇ ਸੁਰੱਖਿਆ ਘੇਰੇ 'ਚ ਸਥਿਤ ਗ੍ਰੀਨ ਜੋਨ ਇਲਾਕੇ ਵਿੱਚ ਕੀਤਾ ਗਿਆ। ਹਮਲੇ ਵਿੱਚ ਕਿਸੇ ਵੀ ਤਰ੍ਹਾਂ ਦਾ ਕੋਈ ਜਾਨੀ ਨੁਕਸਾਨ ਨਹੀਂ ਹੋਇਆ।
ਜਾਣਕਾਰੀ ਮੁਤਾਬਿਕ ਇੱਕ ਰਾਕੇਟ ਦੇਸ਼ ਦੇ ਨੈਸ਼ਨਲ ਸਿਕਊਰਿਟੀ ਸਰਵਿਸ ਕੋਲ ਆ ਡਿੱਗਿਆ ਜੋ ਕਿ ਅਮਰੀਕੀ ਦੂਤਘਰ ਤੋਂ ਮਹਿਜ 600 ਮੀਟਰ ਦੀ ਦੂਰੀ 'ਤੇ ਹੈ। ਇਹ ਹਮਲਾ ਅਜਿਹੇ ਸਮੇਂ 'ਚ ਹੋਇਆ ਹੈ ਜਦੋਂ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਈਰਾਕ 'ਚ ਮੌਜੂਦ ਅਮਰੀਕੀ ਫ਼ੌਜੀਆਂ ਦੀ ਗਿਣਤੀ ਨੂੰ ਤਿੰਨ ਹਜ਼ਾਰ ਤੋਂ ਘੱਟ ਕਰ ਕੇ 2500 ਕਰਨ ਦਾ ਫ਼ੈਸਲਾ ਲਿਆ ਹੈ।
ਇਸ ਤੋਂ ਪਹਿਲਾਂ ਅਕਤੂਬਰ ਮਹੀਨੇ 'ਚ ਈਰਾਨ ਸਮਰਥਿਤ ਮਿਲੀਸ਼ਿਆ ਨੇ ਕਿਹਾ ਸੀ ਕਿ ਉਹ ਈਰਾਕ 'ਚ ਅਮਰੀਕੀ ਫ਼ੌਜੀਆਂ 'ਤੇ ਕੀਤੇ ਜਾ ਰਹੇ ਹਮਲਿਆਂ 'ਤੇ ਰੋਕ ਲਾ ਰਹੇ ਹਨ ਜਿਸ 'ਚ ਅਮਰੀਕੀ ਦੂਤਘਰ ਵੀ ਸ਼ਾਮਿਲ ਹੈ। ਇਸ ਦੇ ਨਾਲ ਹੀ ਇਹ ਸ਼ਰਤ ਵੀ ਰੱਖੀ ਗਈ ਸੀ ਕਿ ਅਮਰੀਕਾ ਆਪਣੇ ਫ਼ੌਜੀਆਂ ਨੂੰ ਈਰਾਕ ਤੋਂ ਵਾਪਸ ਬੁਲਾ ਲਵੇਗਾ।
ਦੱਸਣਯੋਗ ਹੈ ਕਿ ਇਰਾਕ ਦੇ ਕੱਟੜਪੰਥੀ ਧੜੇ ਹਸ਼ਦ ਅਲ ਸ਼ਾਬੀ ਦੇ ਈਰਾਨ ਸਮਰਥਿਤ ਸਮੂਹ ਹਰਕਤ ਅਲ-ਨੁਜਾਬਾ ਨੇ ਸ਼ਨੀਵਾਰ ਨੂੰ ਕਿਹਾ ਕਿ ਅਮਰੀਕੀ ਫ਼ੌਜੀਆਂ ਨੂੰ ਆਪਣੇ ਦੇਸ਼ ਤੋਂ ਬਾਹਰ ਕਰਨ ਦੇ ਲਈ ਉਲਟੀ ਗਿਣਤੀ ਸ਼ੁਰੂ ਹੋ ਚੁੱਕੀ ਹੈ।
ਪਰਤੱਖਦਰਸ਼ੀ ਦੱਸਦੇ ਹਨ ਕਿ ਹਮਲੇ ਦੇ ਸਮੇਂ ਗ੍ਰੀਨ ਜੋਨ ਦੇ ਕੋਲ ਏਅਰਕ੍ਰਾਫ਼ਟ ਚੱਕਰ ਲਗਾ ਰਹੇ ਸਨ। ਗ੍ਰੀਨ ਜੋਨ ਬਗਦਾਦ ਦਾ ਹਾਈ ਸਕਿਊਰਟੀ ਵਾਲਾ ਇਲਾਕਾ ਹੈ। ਜਿੱਥੇ ਕਈ ਦੇਸ਼ਾਂ ਦੇ ਦੂਤਾਵਾਸ ਸਥਿਤ ਹਨ।