ਨਵੀਂ ਦਿੱਲੀ: ਪਾਕਿਸਤਾਨ ਦੇ ਗੁਰਦੁਆਰਾ ਸ੍ਰੀ ਨਨਕਾਣਾ ਸਾਹਿਬ 'ਤੇ ਪਥਰਾਅ ਦੀ ਘਟਨਾ ਤੋਂ ਬਾਅਦ ਮਾਮਲਾ ਭੱਖਦਾ ਜਾ ਰਿਹਾ ਹੈ। ਹਿੰਸਕ ਭੀੜ ਨੂੰ ਵੇਖਦੇ ਹੋਏ ਪੁਲਿਸ ਨੇ ਮੁਹੰਮਦ ਹਸਨ ਨੂੰ ਰਿਹਾਅ ਕਰ ਦਿੱਤਾ ਹੈ। ਜਿਸ ਤੋਂ ਬਾਅਦ ਭੀੜ ਵਾਪਿਸ ਪਰਤ ਗਈ ਹੈ।
ਮੁਹੰਮਦ ਹਸਨ ਜਿਸਨੇ ਗੁਰਦੁਆਰੇ ਦੇ ਗ੍ਰੰਥੀ ਦੀ ਧੀ ਜਗਜੀਤ ਕੌਰ ਨੂੰ ਕਥਿਤ ਤੌਰ 'ਤੇ ਅਗਵਾ ਕੀਤਾ ਸੀ। ਮੁਢਲੀ ਰਿਪੋਰਟਾਂ ਦੇ ਮੁਤਾਬਕ, ਭੀੜ ਦੀ ਅਗਵਾਈ ਮੁਹੰਮਦ ਹਸਨ ਦੇ ਪਰਿਵਾਰ ਵੱਲੋਂ ਕੀਤੀ ਜਾ ਰਹੀ ਸੀ ਭੀੜ ਨੇ ਸ਼ੁੱਕਰਵਾਰ ਸ਼ਾਮ ਨੂੰ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਜਨਮ ਅਸਥਾਨ ਸ੍ਰੀ ਨਨਕਾਣਾ ਸਾਹਿਬ ਦੇ ਗੁਰਦੁਆਰੇ ਵਿੱਚ ਧਾਵਾ ਬੋਲ ਦਿੱਤਾ ਸੀ।
ਦੱਸਦਈਏ ਕਿ ਅੱਜ ਸਥਿਤੀ ਉਸ ਸਮੇਂ ਤਣਾਅਪੂਰਨ ਹੋ ਗਈ ਜਦ ਕੁਝ ਸ਼ਰਾਰਤੀ ਅਨਸਰਾਂ ਨੇ ਗੁਰਦੁਆਰਾ ਜਨਮ ਅਸਥਾਨ ਨਨਕਾਣਾ ਸਾਹਿਬ ਅਤੇ ਸਿੱਖਾਂ ਦੇ ਘਰਾਂ 'ਤੇ ਪੱਥਰਬਾਜ਼ੀ ਕੀਤੀ। ਪ੍ਰਾਪਤ ਜਾਣਕਾਰੀ ਮੁਤਾਬਿਕ ਅੱਜ ਮੁਸਲਿਮ ਭਾਈਚਾਰੇ ਨਾਲ ਸਬੰਧਤ ਲੋਕ ਜਦੋਂ ਜੁੰਮੇ ਦੀ ਨਮਾਜ਼ ਪੜ੍ਹ ਕੇ ਵਾਪਸ ਜਾ ਰਹੇ ਸਨ ਤਾਂ ਇਹ ਘਟਨਾ ਵਾਪਰੀ। ਇਹ ਸਾਰਾ ਮਾਮਲਾ ਮੁਹੰਮਦ ਹਸਨ ਦੀ ਪੁਲਿਸ ਵੱਲੋਂ ਅਦਾਲਤੀ ਕੇਸ ਦੀ ਪੇਸ਼ੀ ਸਮੇਂ ਕੀਤੀ ਗ੍ਰਿਫ਼ਤਾਰੀ ਤੋਂ ਬਾਅਦ ਪੈਦਾ ਹੋਇਆ।
ਰਿਪੋਰਟਾਂ ਮੁਤਾਬਕ ਭੀੜ ਨੇ ਨਨਕਾਣਾ ਸਾਹਿਬ ਦੇ ਗੁਰਦੁਆਰੇ ਦਾ ਘਿਰਾਓ ਕੀਤਾ ਅਤੇ ਇਸ ਨੂੰ ਤਬਾਹ ਕਰਨ ਦੀ ਧਮਕੀ ਦਿੱਤੀ। ਕਈ ਸਿੱਖ ਸ਼ਰਧਾਲੂ ਗੁਰਦੁਆਰੇ ਦੇ ਅੰਦਰ ਫਸੇ ਹੋਏ ਦੱਸੇ ਗਏ ਸਨ। ਇੱਕ ਵੀਡੀਓ ਵਿੱਚ ਪ੍ਰਦਰਸ਼ਨਕਾਰੀ ਨਾਅਰੇਬਾਜ਼ੀ ਕਰਦੇ ਹੋਏ ਵਿਖਾਈ ਦਿੱਤੇ ਅਤੇ ਅੰਦੋਲਨਕਾਰੀਆਂ ਨੂੰ ਇਹ ਕਹਿੰਦੇ ਸੁਣਿਆ ਜਾ ਸਕਦਾ ਹੈ ਕਿ ਉਹ ਨਨਕਾਣਾ ਸਾਹਿਬ ਦਾ ਨਾਂਅ ਬਦਲ ਦੇਣਗੇ। ਭੀੜ ਦੀ ਅਗਵਾਈ ਕਰ ਰਹੇ ਮੁਹੰਮਦ ਹਸਨ ਦੇ ਭਰਾ ਨੇ ਦਾਅਵਾ ਕੀਤਾ ਕਿ ਹਸਨ ਨੇ ਕਾਨੂੰਨੀ ਅਤੇ ਸਹਿਮਤੀ ਨਾਲ ਲੜਕੀ ਨਾਲ ਵਿਆਹ ਕਰਵਾਇਆ ਸੀ ਪਰ ਅਧਿਕਾਰੀਆਂ ਵੱਲੋਂ ਉਸ ਨੂੰ ਕੁੱਟਿਆ ਗਿਆ ਅਤੇ ਉਸ ਦੇ ਪਰਿਵਾਰ ਨਾਲ ਧੱਕੇਸ਼ਾਹੀ ਕੀਤੀ।