ਇਸਲਾਮਾਬਾਦ: ਪਾਕਿਸਤਾਨ ਵਿੱਚ ਪਾਇਲਟਾਂ ਬਾਰੇ ਇੱਕ ਹੈਰਾਨ ਕਰਨ ਵਾਲੀ ਗੱਲ ਸਾਹਮਣੇ ਆਈ ਹੈ। ਮੀਡੀਆ ਰਿਪੋਰਟਾਂ ਵਿੱਚ ਦਾਅਵਾ ਕੀਤਾ ਗਿਆ ਹੈ ਕਿ ਪਾਕਿਸਤਾਨ ਵਿੱਚ 262 ਪਾਇਲਟਾਂ ਕੋਲ ਜਾਅਲੀ ਲਾਇਸੈਂਸ ਹਨ ਅਤੇ ਉਹ ਕਦੇ ਵੀ ਵਿਅਕਤੀਗਤ ਰੂਪ ਵਿੱਚ ਪ੍ਰੀਖਿਆ 'ਚ ਸ਼ਾਮਿਲ ਨਹੀਂ ਹੋਏ।
ਪਾਕਿਸਤਾਨ ਦੇ ਹਵਾਬਾਜ਼ੀ ਮੰਤਰੀ ਗੁਲਾਮ ਸਰਵਰ ਖ਼ਾਨ ਦਾ ਹਵਾਲਾ ਦਿੰਦੇ ਹੋਏ ਰਿਪੋਰਟ ਵਿੱਚ ਕਿਹਾ ਗਿਆ ਹੈ ਕਿ 262 ਪਾਇਲਟਾਂ ਨੇ ਖ਼ੁਦ ਪ੍ਰੀਖਿਆ ਨਹੀਂ ਦਿੱਤੀ। ਦੱਸਿਆ ਜਾ ਰਿਹਾ ਹੈ ਕਿ ਉਨ੍ਹਾਂ ਨੇ ਪੈਸੇ ਦੇ ਕੇ ਕਿਸੇ ਹੋਰ ਤੋਂ ਇਮਤਿਹਾਨ ਦਵਾਏ ਸਨ। ਰਾਸ਼ਟਰੀ ਅਸੈਂਬਲੀ ਵਿੱਚ ਬੋਲਦਿਆਂ ਹਵਾਬਾਜ਼ੀ ਮੰਤਰੀ ਨੇ ਕਿਹਾ ਕਿ ਇਨ੍ਹਾਂ ਪਾਇਲਟਾਂ ਕੋਲ ਉਡਾਣ ਭਰਨ ਦਾ ਤਜ਼ਰਬਾ ਵੀ ਨਹੀਂ ਹੁੰਦਾ।
ਇਹ ਵੀ ਪੜ੍ਹੋ: ਐਚ1ਬੀ ਵੀਜ਼ਾ: ਟਰੰਪ ਦੇ ਫੈਸਲੇ ਦੇ ਕੀ ਹੋਣਗੇ ਪ੍ਰਭਾਵ, ਜਾਣੋ ਯੂਐਸ ਨੀਤੀ ਦਾ ਵਿਸ਼ਲੇਸ਼ਣ
ਇਸ ਦੇ ਨਾਲ ਹੀ ਪਾਕਿਸਤਾਨ ਇੰਟਰਨੈਸ਼ਨਲ ਏਅਰ ਲਾਈਨ (ਪੀਆਈਏ) ਨੇ ਨਕਲੀ ਲਾਇਸੈਂਸ ਰੱਖਣ ਵਾਲੇ ਪਾਇਲਟਾਂ 'ਤੇ ਪਾਬੰਦੀ ਲਗਾ ਦਿੱਤੀ ਹੈ। ਪੀਆਈਏ ਦੇ ਬੁਲਾਰੇ ਅਬਦੁੱਲਾ ਖਾਨ ਨੇ ਕਿਹਾ ਹੈ ਕਿ ਪਾਕਿਸਤਾਨ ਇੰਟਰਨੈਸ਼ਨਲ ਏਅਰਲਾਇੰਜ਼ ਮੰਨਦੀ ਹੈ ਕਿ ਜਾਅਲੀ ਲਾਇਸੈਂਸ ਸਿਰਫ਼ ਇੱਕ ਪੀਆਈਏ ਦਾ ਮੁੱਦਾ ਨਹੀਂ ਹੈ, ਬਲਕਿ ਸਾਰੇ ਪਾਕਿ ਏਅਰ ਲਾਈਨ ਉਦਯੋਗ ਵਿੱਚ ਫੈਲਿਆ ਹੋਇਆ ਮੁੱਦਾ ਹੈ। ਉਨ੍ਹਾਂ ਕਿਹਾ ਕਿ ਕੁੱਝ ਨਕਲੀ ਪਾਇਲਟ ਵਿਦੇਸ਼ੀ ਹਵਾਈ ਜਹਾਜ਼ਾਂ ਲਈ ਉਡਾਣ ਭਰ ਰਹੇ ਹਨ।
ਦੱਸ ਦਈਏ ਕਿ 22 ਮਈ ਨੂੰ ਕਰਾਚੀ ਵਿੱਚ ਪੀਆਈਏ ਦਾ ਇੱਕ ਜਹਾਜ਼ ਕ੍ਰੈਸ਼ ਹੋ ਗਿਆ ਸੀ। ਇਸ ਜਹਾਜ਼ ਦੇ ਹਾਦਸੇ ਵਿੱਚ 97 ਲੋਕਾਂ ਦੀ ਮੌਤ ਹੋ ਗਈ। ਜਹਾਜ਼ ਹਾਦਸੇ ਦੀ ਜਾਂਚ ਵਿੱਚ ਪਾਇਲਟਾਂ ਦੇ ਜਾਅਲੀ ਲਾਇਸੈਂਸ ਦਾ ਖੁਲਾਸਾ ਹੋਇਆ।