ਇਸਲਾਮਾਬਾਦ (ਪਾਕਿਸਤਾਨ): ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ਼ ਦੀ ਧੀ ਮਰੀਅਮ ਨਵਾਜ਼ ਨੇ ਇਮਰਾਨ ਸਰਕਾਰ ’ਤੇ ਵੱਡਾ ਦੋਸ਼ ਲਾਉਂਦੇ ਹੋਏ ਕਿਹਾ ਹੈ ਕਿ ਜੇਲਬੰਦੀ ਦੌਰਾਨ ਉਸਦੇ ਬਾਥਰੂਮ ਵਿੱਚ ਖੁਫ਼ੀਆ ਕੈਮਰੇ ਲਾਏ ਗਏ ਸਨ। ਇਥੋਂ ਤੱਕ ਕਿ ਉਸ ਦੇ ਵਾਸ਼ਰੂਮ ਵਿੱਚ ਵੀ ਕੈਮਰੇ ਵੀ ਲਗਾਏ ਗਏ ਸਨ, ਜਿਥੇ ਉਸ ਨੂੰ ਰੱਖਿਆ ਗਿਆ ਸੀ।
ਉਨ੍ਹਾਂ ਇਮਰਾਨ ਸਰਕਾਰ 'ਤੇ ਨਿਸ਼ਾਨਾ ਸਾਧਦਿਆਂ ਕਿਹਾ, 'ਮੈਂ ਦੋ ਵਾਰੀ ਜੇਲ੍ਹ ਕੱਟੀ ਹੈ ਅਤੇ ਜੇ ਆਪਣੇ ਅਤੇ ਦੂਜੀਆਂ ਔਰਤ ਕੈਦੀਆਂ ਨਾਲ ਸਲੂਕ ਬਾਰੇ ਦੱਸਾਂ ਤਾਂ ਉਨ੍ਹਾਂ ਨੂੰ ਆਪਣਾ ਚਿਹਰਾ ਲੁਕਾਉਣ ਲਈ ਕੋਈ ਥਾਂ ਨਹੀਂ ਮਿਲੇਗੀ।'
ਉਸ ਨੇ ਕਿਹਾ ਕਿ ਜੇ ਅਧਿਕਾਰੀ ਇੱਕ ਕਮਰੇ ਵਿੱਚ ਵੜ ਕੇ ਉਸ ਨੂੰ ਉਸ ਦੇ ਪਿਤਾ ਨਵਾਜ਼ ਸ਼ਰੀਫ ਸਾਹਮਣੇ ਗ੍ਰਿਫ਼ਤਾਰ ਕਰ ਸਕਦੇ ਹਨ ਅਤੇ ਉਸ 'ਤੇ ਨਿੱਜੀ ਹਮਲੇ ਕਰ ਸਕਦੇ ਹਨ, ਤਾਂ ਕੋਈ ਵੀ ਔਰਤ ਪਾਕਿਸਤਾਨ ਵਿੱਚ ਸੁਰੱਖਿਅਤ ਨਹੀਂ ਹੈ।
ਮਰੀਅਮ ਨੇ ਕਿਹਾ ਕਿ ਉਨ੍ਹਾਂ ਦੀ ਪਾਰਟੀ ਸੰਵਿਧਾਨ ਦੇ ਦਾਇਰੇ ਵਿੱਚ ਫੌਜ ਨਾਲ ਗੱਲਬਾਤ ਲਈ ਤਿਆਰ ਹੈ, ਬਸ਼ਰਤੇ ਕਿ ਸੱਤਾ ਵਿੱਚ ਆਈ ਇਮਰਾਨ ਸਰਕਾਰ ਨੂੰ ਹਟਾ ਦਿੱਤਾ ਜਾਵੇ। ਉਨ੍ਹਾਂ ਇਹ ਵੀ ਕਿਹਾ ਕਿ ਗੱਲਬਾਤ ਪਾਕਿਸਤਾਨ ਡੈਮੋਕਰੇਟਿਕ ਮੂਵਮੈਂਟ (ਪੀਡੀਐਮ) ਦੇ ਪਲੇਟਫਾਰਮ ਰਾਹੀਂ ਹੋ ਸਕਦੀ ਹੈ।
ਦੱਸ ਦਈਏ, ਪੀਐਮਐਲ-ਐਨ ਨੇਤਾ ਨੂੰ ਪਿਛਲੇ ਸਾਲ ਮਨੀ ਲਾਂਡਰਿੰਗ ਦੇ ਇੱਕ ਕੇਸ ਵਿੱਚ ਗ੍ਰਿਫ਼ਤਾਰ ਕੀਤਾ ਗਿਆ ਸੀ। ਉਸ ਨੇ ਦਾਅਵਾ ਕੀਤਾ ਕਿ ਰਾਸ਼ਟਰੀ ਜਵਾਬਦੇਹੀ (ਐਨਏਬੀ) ਨੇ ਉਸ ਨੂੰ ਕਾਨੂੰਨ ਦੀ ਉਲੰਘਣਾ ਕਰਨ ਦੇ ਦੋਸ਼ ਵਿੱਚ ਗ੍ਰਿਫਤਾਰ ਕੀਤਾ ਸੀ ਅਤੇ ਉਸਨੂੰ ਰਾਜਨੀਤਿਕ ਤੌਰ ‘ਤੇ ਤਸੀਹੇ ਦਿੱਤੇ ਜਾ ਰਹੇ ਸਨ।