ਇਸਲਾਮਾਬਾਦ: ਪਾਕਿਸਤਾਨ ਨੇ ਕਰਤਾਰਪੁਰ ਲਾਂਘੇ ਨੂੰ ਸ਼ੁਰੂ ਕਰਨ ਦੇ ਸਮਝੌਤੇ ਨੂੰ ਅੰਤਿਮ ਰੂਪ ਦੇਣ ਲਈ ਭਾਰਤ ਤੇ ਵਫ਼ਦ ਵਲੋਂ ਉੱਚ ਪੱਧਰੀ ਬੈਠਕ 'ਚ ਦੇਰੀ ਕਰਨ ਦਾ ਦੋਸ਼ ਲਗਾਇਆ ਹੈ। ਪ੍ਰਸਤਾਵਿਤ ਕਰਤਾਰਪੁਰ ਲਾਂਘਾ ਪਾਕਿਸਤਾਨ ਦੇ ਨਾਰੋਵਾਲ ਵਿੱਚ ਗੁਰਦੁਆਰਾ ਦਰਬਾਰ ਸਾਹਿਬ ਨੂੰ ਪੰਜਾਬ ਦੇ ਗੁਰਦਾਸਪੁਰ ਜ਼ਿਲ੍ਹੇ ਵਿੱਚ ਡੇਰਾ ਬਾਬਾ ਨਾਨਕ ਨਾਲ ਜੋੜਦਾ ਹੈ।
ਪਾਕਿਸਤਾਨ ਦੇ ਵਿਦੇਸ਼ ਮੰਤਰਾਲੇ ਦੇ ਬੁਲਾਰੇ ਮੁਹੰਮਦ ਫ਼ੈਜ਼ਲ ਨੇ ਕਿਹਾ, 'ਪਾਕਿਸਤਾਨ ਚਾਹੁੰਦਾ ਹੈ ਕਿ ਤੈਅ ਕੀਤੇ ਗਏ ਸਮੇਂ ਵਿੱਚ ਕਰਤਾਰਪੁਰ ਲਾਂਘਾ ਸ਼ੁਰੂ ਹੋ ਜਾਵੇ। ਹਾਲਾਂਕਿ ਬੈਠਕ ਵਿੱਚ ਦੇਰੀ ਹੋ ਰਹੀ ਹੈ ਕਿਉਂਕਿ ਭਾਰਤ ਸਰਕਾਰ ਅਜਿਹੇ ਹਾਲਾਤਾਂ ਵਿੱਚ ਗੱਲਬਾਤ ਨਹੀਂ ਕਰਨਾ ਚਾਹੰਦਾ ਹੈ।'
ਜ਼ਿਕਰਯੋਗ ਹੈ ਕਿ 16 ਅਪ੍ਰੈਲ ਨੂੰ ਭਾਰਤ ਅਤੇ ਪਾਕਿਸਤਾਨ ਨੇ ਪ੍ਰਸਤਾਵਿਤ ਲਾਂਘੇ ਲਈ ਤਕਨੀਕੀ ਪਹਿਲੂਆਂ ਬਾਰੇ ਗੱਲਬਾਤ ਕਰਨ ਲਈ ਬੈਠਕ ਦਾ ਆਯੋਜਨ ਕੀਤਾ ਸੀ। ਲਗਭਗ 4 ਘੰਟਿਆਂ ਤੱਕ ਚੱਲੀ ਬੈਠਕ ਵਿੱਚ ਦੋਹਾਂ ਦੇਸ਼ਾਂ ਦੇ ਤਕਨੀਕੀ ਮਾਹਿਰਾਂ ਨੇ ਪੁੱਲ ਦੇ ਪੂਰਾ ਹੋਣ ਦੇ ਸਮੇਂ, ਸੜਕਾਂ ਦੀ ਰੂਪਰੇਖਾ ਤੇ ਪ੍ਰਸਤਾਵਿਤ ਚੌਂਕਾਂ ਲਈ ਇੰਜੀਨੀਅਰਿੰਗ ਪਹਿਲੂਆਂ 'ਤੇ ਚਰਚਾ ਕੀਤੀ ਸੀ। ਇਨ੍ਹਾਂ ਮੁੱਦਿਆਂ 'ਤੇ ਚਰਚਾ 'ਜੀਰੋ ਪੁਆਇੰਟ' 'ਤੇ ਬਣੇ ਅਸਥਾਈ ਤੰਬੂਆਂ ਵਿੱਚ ਹੋਈ ਸੀ।