ਇਸਲਾਮਾਬਾਦ: ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਨੇ ਭਾਰਤ ਤੋਂ ਜ਼ਿੰਦਗੀ ਬਚਾਉਣ ਦੀ ਆੜ ਵਿੱਚ 450 ਤਰ੍ਹਾਂ ਦੀਆਂ ਦਵਾਈਆਂ ਜਿਵੇਂ ਕਿ ਵਿਟਾਮਿਨ ਦੀਆਂ ਗੋਲੀਆਂ ਦਰਾਮਦ ਕਰਨ ਦੇ ਘੁਟਾਲੇ ਦੀ ਜਾਂਚ ਦੇ ਹੁਕਮ ਦਿੱਤੇ ਹਨ।
ਤੁਹਾਨੂੰ ਦੱਸ ਦਈਏ ਕਿ ਪਾਕਿਸਤਾਨ ਨੇ ਭਾਰਤ ਵੱਲੋਂ 9 ਅਗਸਤ 2019 ਨੂੰ ਜੰਮੂ-ਕਸ਼ਮੀਰ ਵਿੱਚੋਂ ਧਾਰਾ 370 ਨੂੰ ਖ਼ਤਮ ਕਰਨ ਤੋਂ ਬਾਅਦ ਭਾਰਤ ਨਾਲ ਸਾਰੇ ਵਪਾਰਕ ਸਬੰਧਾਂ ਨੂੰ ਤੋੜ ਦਿੱਤਾ ਸੀ।
ਹਾਲਾਂਕਿ ਬਾਅਦ ਵਿੱਚ ਸਰਕਾਰ ਨੇ ਜੀਵਨ ਬਚਾਉਣ ਵਾਲੀਆਂ ਦਵਾਈਆਂ ਅਤੇ ਉਨ੍ਹਾਂ ਦੇ ਕੱਚੇ ਮਾਲ ਦੀ ਦਰਾਮਦ ਦੀ ਆਗਿਆ ਦਿੱਤੀ ਸੀ। ਇਹ ਸਭ ਫਾਰਮਾਂ ਉਦਯੋਗਾਂ ਵੱਲੋਂ ਰੋਲਾ ਪਾਉਣ ਬਾਅਦ ਕੀਤਾ ਗਿਆ ਸੀ ਅਤੇ ਫ਼ਾਰਮਾਂ ਕੰਪਨੀਆਂ ਨੇ ਪਾਕਿਸਤਾਨ ਸਰਕਾਰ ਨੂੰ ਚੇਤਾਵਨੀ ਵੀ ਦਿੱਤੀ ਸੀ ਕਿ ਦੇਸ਼ ਨੂੰ ਦਵਾਈਆਂ ਦੀ ਘਾਟ ਦਾ ਸਾਹਮਣਾ ਵੀ ਕਰਨਾ ਪੈ ਸਕਦਾ ਹੈ।
ਵਿਰੋਧੀ ਧਿਰਾਂ ਅਤੇ ਮੀਡਿਆਂ ਦੀਆਂ ਰਿਪੋਰਟਾਂ ਵਿੱਚ ਪਾਕਿ ਸਰਕਾਰ ਉੱਤੇ ਇਹ ਦੋਸ਼ ਲਾਏ ਜਾ ਰਹੇ ਹਨ ਕਿ ਦਰਮਾਦ ਵਿੱਚ ਦਿੱਤੀ ਛੋਟ ਦੀ ਗਲਤ ਵਰਤੋਂ ਹੋਈ ਹੈ ਅਤੇ ਇਸ ਮਾਮਲੇ ਬਾਰੇ ਛਾਣਬੀਣ ਦੀ ਮੰਗ ਕੀਤੀ ਹੈ।
ਰਿਪੋਰਟਾਂ ਮੁਤਾਬਕ ਪਾਕਿ ਦੇ ਪ੍ਰਧਾਨ ਮੰਤਰੀ ਖ਼ਾਨ ਨੇ ਆਪਣੇ ਸਹਿਯੋਗੀ ਸ਼ਹਿਜਾਦ ਅਕਬਰ ਤੋਂ ਭਾਰਤ ਤੋਂ 450 ਕਿਸਮ ਦੀਆਂ ਦਵਾਈਆਂ ਦੀ ਦਰਾਮਦਗੀ ਦੇ ਇਸ ਘੁਟਾਲੇ ਵਿੱਚ ਜਾਂਚ ਕਰਨ ਲਈ ਕਿਹਾ ਹੈ।
ਪਾਕਿਸਤਾਨ ਦੇ ਮਸ਼ਹੂਰ ਅਖ਼ਬਾਰ ਡਾਨ ਦਾ ਕਹਿਣਾ ਹੈ ਕਿ ਨੈਸ਼ਨਲ ਸਿਹਤ ਮੰਤਰਾਲੇ ਦੇ ਦਸਤਾਵੇਜ਼ਾਂ ਮੁਤਾਬਕ ਭਾਰਤ ਤੋਂ ਕਈ ਵਿਟਾਮਿਨ, ਡਰੱਗਜ਼ ਅਤੇ ਸਾਲਟਾਂ ਨੂੰ ਦਰਾਮਦ ਕੀਤਾ ਗਿਆ ਸੀ।