ਇਸਲਾਮਾਬਾਦ : ਪਾਕਿਸਤਾਨ ਦੇ ਫ਼ੌਜ ਮੁਖੀ ਜਨਰਲ ਕਮਰ ਜਾਵੇਦ ਬਾਜਵਾ ਨੇ ਭਾਰਤ ਨੂੰ ਖੁੱਲ੍ਹੀ ਚੇਤਾਵਨੀ ਦਿੰਦਿਆਂ ਦਾਅਵਾ ਕੀਤਾ ਕਿ ਉਨ੍ਹਾਂ ਦਾ ਦੇਸ਼ 'ਪੰਜਵੀਂ ਪੀੜ੍ਹੀ ਜਾਂ ਹਾਈਬ੍ਰਿਡ ਯੁੱਧ' ਜਿੱਤਣ ਵਿੱਚ ਸਫ਼ਲ ਹੋ ਜਵੇਗਾ।
ਐਤਵਾਰ ਨੂੰ ਰਾਵਲਪਿੰਡੀ ਵਿੱਚ ਜਨਰਲ ਹੈਡਕੁਆਰਟਰ (ਜੀਐਚਕਿਊ) ਵਿਖੇ ਰੱਖਿਆ ਦਿਵਸ ਤੇ ਸ਼ਹੀਦੀ ਦਿਵਸ ਦੇ ਸਮਾਰੋਹ ਨੂੰ ਸੰਬੋਧਨ ਕਰਦਿਆਂ ਬਾਜਵਾ ਨੇ ਕਿਹਾ ਕਿ ਦੇਸ਼ ਨੂੰ ਤੇ ਇਸ ਦੀਆਂ ਹਥਿਆਰਬੰਦ ਤਾਕਤਾਂ ਨੂੰ ਬਦਨਾਮ ਕਰਨ ਦੇ ਮਕਸਦ ਨਾਲ ਪਾਕਿਸਤਾਨ ਨੂੰ ਕਈ ਚੁਣੌਤੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਉਨ੍ਹਾਂ ਨੇ ਕਿਹਾ ਅਸੀਂ ਚੁਣੌਤੀ ਦਾ ਸਾਹਮਣਾ ਕਰ ਰਹੇ ਹਾਂ, ਜੋ ਸਾਡੇ 'ਤੇ 'ਪੰਜਵੀਂ ਪੀੜ੍ਹੀ ਜਾਂ ਹਾਈਬ੍ਰਿਡ ਵਾਰ' ਦੇ ਰੂਪ ਵਿੱਚ ਲਗਾਈ ਗਈ ਹੈ। ਇਸ ਦਾ ਉਦੇਸ਼ ਦੇਸ਼ ਅਤੇ ਇਸ ਦੇ ਹਥਿਆਰਬੰਦ ਲੜਾਕਿਆਂ ਨੂੰ ਬਦਨਾਮ ਕਰਨਾ ਅਤੇ ਹਫ਼ੜਾ-ਦਫ਼ੜੀ ਮਚਾਉਣਾ ਹੈ।
ਬਾਜਵਾ ਨੇ ਕਿਹਾ, ਅਸੀਂ ਇਸ ਖ਼ਤਰੇ ਤੋਂ ਚੰਗੀ ਤਰ੍ਹਾਂ ਜਾਣੂ ਹਾਂ। ਅਸੀਂ ਨਿਸ਼ਚਤ ਰੂਪ ਤੋਂ ਇਸ ਯੁੱਧ ਨੂੰ ਰਾਸ਼ਟਰ ਦੇ ਸਹਿਯੋਗ ਨਾਲ ਜਿੱਤਣ ਦੇ ਯੋਗ ਹੋਵਾਂਗੇ।
ਭਾਰਤ ਦਾ ਨਾਂਅ ਲਏ ਬਗ਼ੈਰ ਖੁੱਲ੍ਹੀ ਅਤੇ ਸਪੱਸ਼ਟ ਚੇਤਾਵਨੀ ਦਿੰਦੇ ਹੋਏ ਬਾਜਵਾ ਨੇ ਕਿਹਾ ਕਿ ਜੇ ਜੰਗ ਲਾਗੂ ਕੀਤੀ ਗਈ ਤਾਂ ਪਾਕਿਸਤਾਨ ਹਰ ਹਮਲੇ ਦਾ ਢੁਕਵਾਂ ਜਵਾਬ ਦੇਵੇਗਾ।
ਉਨ੍ਹਾਂ ਕਿਹਾ ਕਿ ਮੈਂ ਆਪਣੇ ਦੇਸ਼ ਅਤੇ ਦੁਨੀਆ ਨੂੰ ਇਹ ਸੰਦੇਸ਼ ਦੇਣਾ ਚਾਹੁੰਦਾ ਹਾਂ ਕਿ ਪਾਕਿਸਤਾਨ ਇੱਕ ਸ਼ਾਂਤੀ ਪਸੰਦ ਦੇਸ਼ ਹੈ, ਪਰ ਜੇ ਸਾਡੇ ‘ਤੇ ਲੜਾਈ ਥੋਪੀ ਗਈ ਤਾਂ ਅਸੀਂ ਹਰ ਹਮਲੇ ਦਾ ਜਵਾਬ ਦੇਵਾਂਗੇ।
ਪਾਕਿ ਸੈਨਾ ਮੁਖੀ ਨੇ ਕਿਹਾ ਕਿ ਅਸੀਂ ਦੇਸ਼ ਦੇ ਦੁਸ਼ਮਣ ਦੇ ਨਾਪਾਕ ਇਰਾਦਿਆਂ ਨੂੰ ਹਰਾਉਣ ਦੇ ਲਈ ਹਮੇਸ਼ਾ ਤਿਆਰ ਹਾਂ।
ਭਾਰਤ 'ਤੇ ਨਿਸ਼ਾਨਾ ਸਾਧਦਿਆਂ ਬਾਜਵਾ ਨੇ ਕਿਹਾ ਕਿ ਪਾਕਿਸਤਾਨ ਨੇ 1965 ਵਿੱਚ ਭਾਰਤ ਨੂੰ ਹਰਾਇਆ ਸੀ।
ਉਨ੍ਹਾਂ ਨੇ ਭਾਰਤ ਵੱਲੋਂ ਸਾਲ 2019 ਦੇ ਬਾਲਕੋਟ ਹਵਾਈ ਹਮਲੇ ਪ੍ਰਤੀ ਪਾਕਿਸਤਾਨ ਦੇ ਜਵਾਬ ਦੀ ਵੀ ਯਾਦ ਦਿਵਾਉਂਦਿਆਂ ਕਿਹਾ ਕਿ ਦੇਸ਼ ਦੀ ਪ੍ਰਤੀਕ੍ਰਿਆ ਉੱਤੇ ਕੋਈ ਸ਼ੱਕ ਨਹੀਂ ਹੋਣਾ ਚਾਹੀਦਾ।