ਹੈਦਰਾਬਾਦ: ਭਾਰਤ ਅਤੇ ਨੇਪਾਲ ਦੇ ਵਿੱਚ ਸਰਹੱਦੀ ਸੀਮਾ ਵਿਵਾਦ ਨੂੰ ਲੈ ਕੇ ਰਿਸ਼ਤਿਆਂ ਵਿੱਚ ਕੜਵਾਹਟ ਆਈ ਹੈ। ਇਸ ਦੌਰਾਨ ਅਜਿਹੀਆਂ ਖ਼ਬਰਾਂ ਸਾਹਮਣੇ ਆਈਆਂ ਹਨ ਕਿ ਨੇਪਾਲ ਦੇ ਪ੍ਰਧਾਨ ਮੰਤਰੀ ਕੇਪੀ ਸ਼ਰਮਾ ਓਲੀ ਭਾਰਤੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਫੋਨ ‘ਤੇ ਗੱਲ ਕਰ ਸਕਦੇ ਹਨ। ਰਿਪੋਰਟ ਦੇ ਅਨੁਸਾਰ ਓਲੀ ਸੁਤੰਤਰਤਾ ਦਿਵਸ ਯਾਨੀ 15 ਅਗਸਤ ਦੇ ਦਿਨ ਪ੍ਰਧਾਨ ਮੰਤਰੀ ਨੂੰ ਫੋਨ ਕਰ ਸਕਦੇ ਹਨ।
ਕਾਠਮੰਡੂ ਤੋਂ ਪ੍ਰਕਾਸ਼ਿਤ ਹੋਣ ਵਾਲੇ ਅਖ਼ਬਾਰ 'ਜਨਸੱਤਾ' ਵਿੱਚ ਲੱਗੀ ਖ਼ਬਰ ਦੇ ਅਨੁਸਾਰ, 'ਭਾਰਤ ਦੇ 73ਵੇਂ ਸੁਤੰਤਰਤਾ ਦਿਵਸ ਮੌਕੇ ਪ੍ਰਧਾਨ ਮੰਤਰੀ ਓਲੀ ਭਾਰਤੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਵਧਾਈ ਦੇਣਗੇ। ਦੋਵੇਂ ਦੁਵੱਲੇ ਹਿੱਤ ਅਤੇ ਆਪਸੀ ਲਾਭ ਦੇ ਮੁੱਦਿਆਂ 'ਤੇ ਚਰਚਾ ਵੀ ਕਰਨਗੇ।
ਦੱਸ ਦੇਈਏ ਕਿ ਨੇਪਾਲ ਨੇ ਹਾਲ ਹੀ ਵਿੱਚ ਇੱਕ ਸੰਵਿਧਾਨਕ ਸੋਧ ਦੇ ਜ਼ਰੀਏ ਦੇਸ਼ ਦੇ ਰਾਜਨੀਤਕ ਨਕਸ਼ੇ ਨੂੰ ਮੁੜ ਤੋਂ ਤਿਆਰ ਕਰਨ ਦੀ ਪ੍ਰਕਿਰਿਆ ਨੂੰ ਪੂਰਾ ਕੀਤਾ ਹੈ, ਜਿਸ ਵਿੱਚ ਰਣਨੀਤਕ ਰੂਪ ਤੋਂ ਮਹੱਤਵਪੂਰਨ ਲਿਪੁਲੇਖ, ਕਾਲਾਪਾਨੀ ਅਤੇ ਲਿੰਪੀਆਧੁਰਾ ਖੇਤਰ ਸ਼ਾਮਲ ਹਨ, ਜੋ ਭਾਰਤ ਦਾ ਹਿੱਸਾ ਹੈ।
ਭਾਰਤ ਨੇ ਨੇਪਾਲ ਦੇ ਇਸ ਦਾਅਵੇ ਨੂੰ ਝੂਠਾ ਅਤੇ ਅਸਥਿਰ ਕਰਾਰ ਦਿੱਤਾ ਸੀ। ਇਸ ਤੋਂ ਬਾਅਦ ਰੱਖਿਆ ਮੰਤਰੀ ਰਾਜਨਾਥ ਸਿੰਘ ਨੇ 8 ਮਈ ਨੂੰ ਉਤਰਾਖੰਡ ਦੇ ਧਾਰਚੁਲਾ ਦੇ ਨਾਲ ਲਿਪੂਲੇਖ ਰਾਹ ਨੂੰ ਜੋੜਨ ਵਾਲੀ 80 ਕਿਲੋਮੀਟਰ ਲੰਬੀ ਰਣਨੀਤਕ ਸੜਕ ਦਾ ਉਦਘਾਟਨ ਕੀਤਾ, ਜਿਸ ਦੇ ਬਾਅਦ ਭਾਰਤ-ਨੇਪਾਲ ਦੁਵੱਲੇ ਸਬੰਧ ਵਿਗੜ ਗਏ।