ਕਾਠਮੰਡੂ: ਨੇਪਾਲ ਨੇ ਸੱਤ ਸਾਲਾਂ ਤੋਂ ਬੰਦ ਪਈਆਂ ਯਾਤਰੀ ਰੇਲ ਸੇਵਾਵਾਂ ਨੂੰ ਮੁੜ ਚਾਲੂ ਕਰਨ ਦੀ ਯੋਜਨਾ ਬਣਾਈ ਹੈ। ਕਾਠਮਾਂਡੂ ਦੁਆਰਾ ਭਾਰਤ ਤੋਂ ਖ਼ਰੀਦੀਆਂ ਗਈਆਂ ਦੋ ਗੱਡੀਆਂ ਜਨਕਪੁਰ ਸ਼ਹਿਰ ਪਹੁੰਚ ਗਈਆਂ ਹਨ।
ਰੇਲਵੇ ਵਿਭਾਗ ਦੇ ਡਾਇਰੈਕਟਰ ਜਨਰਲ ਬਲਰਾਮ ਮਿਸ਼ਰਾ ਨੇ ਨਿਊਜ਼ ਏਜੰਸੀ ਸਿਨਹੂਆ ਨੂੰ ਦੱਸਿਆ ਕਿ ਡੀਜ਼ਲ-ਇਲੈਕਟ੍ਰਿਕ ਮਲਟੀਪਲ ਯੂਨਿਟ ਰੇਲ ਸੈਟ ਸ਼ੁੱਕਰਵਾਰ ਦੁਪਹਿਰ 1.40 ਵਜੇ ਜਨਕਪੁਰ ਪਹੁੰਚੀ।
ਰੇਲਵੇ ਵਿਭਾਗ ਨੇ ਕਿਹਾ ਕਿ ਸੇਵਾਵਾਂ ਮੁੜ ਸ਼ੁਰੂ ਕਰਨ ਵਿੱਚ ਘੱਟੋ ਘੱਟ ਡੇਢ ਮਹੀਨਾ ਲੱਗੇਗਾ, ਕਿਉਂਕਿ ਉਹ ਇਸ ਸਮੇਂ ਲੋੜੀਂਦੇ ਮਨੁੱਖੀ ਸਰੋਤਾਂ ਦੀ ਭਰਤੀ ਲਈ ਕੰਮ ਕਰ ਰਹੇ ਹਨ। ਇਹ ਦੇਸ਼ ਵਿੱਚ ਪਹਿਲੀ ਬ੍ਰਾਂਡ-ਗੇਜ ਯਾਤਰੀ ਰੇਲਵੇ ਸੇਵਾ ਹੋਵੇਗੀ। ਵਿਭਾਗ ਦੇ ਅਨੁਸਾਰ, ਇਹ ਸੇਵਾ ਭਾਰਤ ਦੀ ਸਰਹੱਦ ਨਾਲ ਲੱਗਦੀ ਜਨਕਪੁਰ ਸ਼ਹਿਰ ਦੇ ਕੁਰਥਾ ਤੋਂ ਜੈਯਾਨਗਰ ਤੱਕ ਸ਼ੁਰੂ ਹੋਵੇਗੀ ਅਤੇ ਉਨ੍ਹਾਂ ਵਿਚਕਾਰ ਦੂਰੀ 35 ਕਿਲੋਮੀਟਰ ਦੇ ਆਸਪਾਸ ਹੈ।
ਪਹਿਲਾਂ ਜਨਕਪੁਰ-ਜਯਾਨਗਰ ਰੇਲ ਸੇਵਾ ਚਲਦੀ ਸੀ, ਪਰ ਇੱਕ ਤੰਗ ਗੇਜ ਲਾਈਨ ਉੱਤੇ ਅਤੇ ਇਹ ਸੇਵਾ ਸੱਤ ਸਾਲ ਪਹਿਲਾਂ ਪੂਰੀ ਤਰ੍ਹਾਂ ਬੰਦ ਕਰ ਦਿੱਤੀ ਗਈ ਸੀ। ਰੇਲਵੇ ਸੇਵਾ ਦੁਬਾਰਾ ਸ਼ੁਰੂ ਕਰਨ ਲਈ ਵਿਭਾਗ ਨੇ ਹੌਲੀ ਹੌਲੀ 200 ਤੋਂ ਵੱਧ ਕਰਮਚਾਰੀਆਂ ਦੀ ਭਰਤੀ ਦੀ ਯੋਜਨਾ ਬਣਾਈ ਹੈ। ਮਿਸ਼ਰਾ ਨੇ ਕਿਹਾ ਕਿ ਸ਼ੁਰੂ ਵਿੱਚ ਅਸੀਂ ਭਾਰਤੀ ਤਕਨੀਕੀ ਸਟਾਫ਼ ਦੀ ਸਹਾਇਤਾ ਨਾਲ ਸੇਵਾ ਦੁਬਾਰਾ ਸ਼ੁਰੂ ਕਰਾਂਗੇ। ਉਨ੍ਹਾਂ ਨੇ ਅੱਗੇ ਕਿਹਾ ਕਿ ਅਸੀਂ ਸੇਵਾ ਸ਼ੁਰੂ ਕਰਨ ਲਈ ਡਰਾਈਵਿੰਗ, ਰੱਖ ਰਖਾਵ, ਸਿਗਨਲਿੰਗ ਅਤੇ ਟਰੈਕ ਇੰਜੀਨੀਅਰਿੰਗ ਦੇ ਖੇਤਰਾਂ ਵਿੱਚ ਤਕਨੀਕੀ ਪਿਛੋਕੜ ਤੋਂ 26 ਭਾਰਤੀ ਕਰਮਚਾਰੀ ਭਰਤੀ ਕਰ ਰਹੇ ਹਾਂ।
ਉਨ੍ਹਾਂ ਕਿਹਾ ਕਿ ਨੇਪਾਲੀ ਮਨੁੱਖੀ ਸਰੋਤਾਂ ਨੂੰ ਸਹੀ ਅਤੇ ਢੁੱਕਵੀਂ ਸਿਖਲਾਈ ਦਿੱਤੇ ਜਾਣ ਤੋਂ ਬਾਅਦ ਭਾਰਤੀ ਕਰਮਚਾਰੀਆਂ ਨੂੰ ਹੌਲੀ ਹੌਲੀ ਬਦਲ ਦਿੱਤਾ ਜਾਵੇਗਾ। ਵਿਭਾਗ ਦੇ ਅਨੁਸਾਰ, ਹਰੇਕ ਰੇਲ ਸੈੱਟ 110 ਕਿੱਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਤਕਰੀਬਨ 1300 ਯਾਤਰੀਆਂ ਨੂੰ ਯਾਤਰਾ ਦੀ ਸਹੂਲਤ ਪ੍ਰਦਾਨ ਕਰ ਸਕਦੀ ਹੈ ਤੇ ਦੋਵਾਂ ਪਾਸਿਆਂ ਤੋਂ ਸੰਚਾਲਿਤ ਕੀਤੀ ਜਾ ਸਕਦੀ ਹੈ। ਮਿਸ਼ਰਾ ਨੇ ਅੱਗੇ ਕਿਹਾ ਕਿ ਇਹ ਅੰਤਰ-ਸਿਟੀ ਸੇਵਾਵਾਂ ਨੂੰ ਚਲਾਉਣ ਅਤੇ ਦਰਮਿਆਨੀ ਦੂਰੀ ਲਈ ਢੁੱਕਵਾਂ ਹੈ। ਸਰਕਾਰ ਰੇਲਵੇ ਨੂੰ ਵਿਕਸਤ ਕਰਨ ਦੀ ਵੀ ਯੋਜਨਾ ਬਣਾ ਰਹੀ ਹੈ ਜੋ ਦੇਸ਼ ਨੂੰ ਚਾਰੇ ਪਾਸਿਓਂ ਜੋੜ ਦੇਵੇਗੀ। ਪੂਰਵੀ–ਪੱਛਮੀ ਇਲੈਕਟ੍ਰਿਕ ਰੇਲਵੇ ਸੇਵਾ ਨੂੰ ਚਲਾਉਣ ਲਈ ਰੇਲਵੇ ਟਰੈਕ ਵਿਛਾਏ ਜਾ ਰਹੇ ਹਨ। ਨੇਪਾਲ ਨੇ ਰਾਜਧਾਨੀ ਕਾਠਮੰਡੂ ਨੂੰ ਦੋਵਾਂ ਦੇਸ਼ਾਂ ਦੀਆਂ ਸਰਹੱਦਾਂ ਨਾਲ ਜੋੜਨ ਲਈ ਚੀਨ ਅਤੇ ਭਾਰਤ ਨਾਲ ਸਮਝੌਤੇ 'ਤੇ ਦਸਤਖ਼ਤ ਕੀਤੇ ਹਨ।