ਇਸਲਾਮਾਬਾਦ: ਮੁੰਬਈ ਹਮਲੇ ਦੇ ਮਾਸਟਰਮਾਈਂਡ ਤੇ ਲਸ਼ਕਰ-ਏ-ਤੋਇਬਾ ਦੇ ਕਮਾਂਡਰ ਜਕੀ ਉਰ ਰਹਿਮਾਨ ਲਖਵੀ ਨੂੰ ਪਾਕਿਸਤਾਨ 'ਚ ਸ਼ਨੀਵਾਰ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ। ਜਕੀ ਉਰ ਰਹਿਮਾਨ ਨੂੰ ਅੱਤਵਾਦੀ ਗਤੀਵਿਧੀਆਂ ਲਈ ਧੰਨ ਮੁਹੱਈਆ ਕਰਵਾਉਣ ਦੇ ਦੋਸ਼ਾਂ ਕਾਰਨ ਗ੍ਰਿਫ਼ਤਾਰ ਕੀਤਾ ਗਿਆ ਹੈ।
ਇਹ ਜਾਣਕਾਰੀ ਇੱਕ ਅਧਿਕਾਰੀ ਵੱਲੋਂ ਸਾਂਝੀ ਕੀਤੀ ਗਈ ਹੈ। ਇਸ ਤੋਂ ਪਹਿਲਾਂ ਜਕੀ ਉਰ ਰਹਿਮਾਨ ਲਖਵੀ, ਮੁੰਬਈ ਹਮਲੇ ਦੇ ਮਾਮਲੇ 'ਚ ਸਾਲ 2015 ਤੋਂ ਹੀ ਜਮਾਨਤ 'ਤੇ ਸੀ। ਉਸ ਨੂੰ ਅੱਤਵਾਦ ਰੋਕੂ ਵਿਭਾਗ ਵੱਲੋਂ ਗ੍ਰਿਫ਼ਤਾਰ ਕੀਤਾ ਗਿਆ ਹੈ।
ਸੀਟੀਡੀ ਨੇ ਉਸ ਦੀ ਗ੍ਰਿਫ਼ਤਾਰੀ ਕਿੱਥੋਂ ਹੋਈ, ਇਸ ਬਾਰੇ ਜਾਣਕਾਰੀ ਸਾਂਝੀ ਨਹੀਂ ਕੀਤੀ। ਅਧਿਕਾਰੀ ਨੇ ਕਿਹਾ, 'ਸੀਟੀਡੀ ਪੰਜਾਬ ਵੱਲੋਂ ਖੁਫੀਆ ਸੂਚਨਾ 'ਤੇ ਆਧਾਰਤ ਇੱਕ ਅਭਿਆਨ ਤੋਂ ਬਾਅਦ ਪਾਬੰਦੀਸ਼ੁਦਾ ਅੱਤਵਾਦੀ ਸੰਗਠਨ ਲਸ਼ਕਰ-ਏ-ਤੋਇਬਾ ਦੇ ਕਮਾਂਡਰ ਜਕੀ ਉਰ ਰਹਿਮਾਨ ਲਖਵੀ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ। ਉਨ੍ਹਾਂ ਦੱਸਿਆ 61 ਸਾਲਾ ਲਖਵੀ ਨੂੰ ਲਾਹੌਰ ਦੇ ਸੀਟੀਡੀ ਥਾਣੇ 'ਚ ਅੱਤਵਾਦੀ ਵਿੱਤੀ ਪੋਸ਼ਣ ਨਾਲ ਜੁੜੇ ਇੱਕ ਮਾਮਲੇ 'ਚ ਗ੍ਰਿਫ਼ਤਾਰ ਕੀਤਾ ਗਿਆ। ਸੀਟੀਡੀ ਨੇ ਕਿਹਾ, 'ਲਖਵੀ 'ਤੇ ਇੱਕ ਦਵਾਖਾਨੇ ਲਈ ਪੈਸੇ ਇੱਕਠੇ ਕਰ, ਉਸ ਨੂੰ ਅੱਤਵਾਦ ਲਈ ਵਿੱਤੀ ਪੋਸ਼ਟ ਦੇ ਤੌਰ 'ਤੇ ਇਸਤੇਮਾਲ ਕਰਨ ਦੇ ਦੋਸ਼ ਹਨ। ਉਸ ਨੇ ਇਸ ਰਕਮ 'ਚੋਂ ਨਿੱਜੀ ਕੰਮਾਂ ਲਈ ਵੀ ਪੈਸੇ ਖ਼ਰਚ ਕੀਤੇ ਸਨ।
ਸੀਟੀਡੀ ਨੇ ਕਿਹਾ,"ਪਾਬੰਦੀਯਸੁਦਾ ਸੰਗਠਨ ਲਸ਼ਕਰ-ਏ-ਤੋਇਬਾ ਨਾਲ ਜੁੜੇ ਹੋਣ ਤੋਂ ਇਲਾਵਾ,ਉਹ ਸੰਯੁਕਤ ਰਾਸ਼ਟਰ ਵੱਲੋਂ ਐਲਾਨੇ ਗਏ ਅੱਤਵਾਦੀਆਂ ਦੀ ਸੂਚੀਆਂ 'ਚ ਵੀ ਸ਼ਾਮਲ ਹੈ। ਉਨ੍ਹਾਂ ਨੇ ਕਿਹਾ,' ਲਖਵੀ ਦੇ ਖਿਲਾਫ ਦਰਜ ਮਾਮਲੇ ਦੀ ਸੁਣਵਾਈ ਲਾਹੌਰ ਦੀ ਅੱਤਵਾਦ ਰੋਕੂ ਅਦਾਲਤ 'ਚ ਹੋਵੇਗੀ।