ਢਾਕਾ: ਬੰਗਲਾਦੇਸ਼ ਦੀ ਰਾਜਧਾਨੀ ਢਾਕਾ ਦੀ ਇੱਕ ਫ਼ੈਕਟਰੀ ਵਿੱਚ ਅੱਗ ਲੱਗਣ ਨਾਲ ਖ਼ਬਰ ਲਿਖੇ ਜਾਣ ਤੱਕ 10 ਲੋਕਾਂ ਦੀ ਮੌਤ ਹੋ ਗਈ ਹੈ। ਕਿਹਾ ਜਾ ਰਿਹਾ ਹੈ ਕਿ ਇਹ ਫ਼ੈਕਟਰੀ ਗ਼ੈਰ ਕਾਨੂੰਨੀ ਤਰੀਕੇ ਨਾਲ ਚਲਾਈ ਜਾ ਰਹੀ ਸੀ। ਪਿਛਲੇ ਹਫ਼ਤੇ ਵੀ ਰਾਜਧਾਨੀ ਦੇ ਬਾਹਰੀ ਇਲਾਕੇ ਦੀ ਇੱਕ ਫ਼ੈਕਟਰੀ ਨੂੰ ਅੱਗ ਲੱਗਣ ਨਾਲ 17 ਲੋਕਾਂ ਦੀ ਮੌਤ ਹੋ ਗਈ ਸੀ।
ਸਮਾਚਾਰ ਏਜੰਸੀ ਇਫੇ ਮੁਤਾਬਕ, "ਅੱਗ ਬੁਝਾਉ ਵਿਭਾਗ ਮੁਤਾਬਕ ਰਾਜਧਾਨੀ ਦੇ ਨੇੜਲੇ ਗਾਜਪੁਰ ਦੇ ਇੱਕ ਬਿਜਲਈ ਪੱਖਿਆਂ ਦੀ ਫ਼ੈਕਟਰੀ ਵਿੱਚ ਸ਼ਾਮ 5.45 ਤੇ ਅੱਗ ਲੱਗ ਗਈ। ਅੱਗ ਲੱਗਣ ਤੋਂ ਬਾਅਦ ਇਸ ਇਮਾਰਤ ਚੋਂ 10 ਲਾਸ਼ਾ ਬਾਹਰ ਕੱਢੀਆਂ ਗਈਆਂ ਹਨ।"
ਅੱਗ ਬੁਝਾਉਣ ਵਾਲੇ ਅਤੇ ਸਿਵਲ ਡਿਫੈਂਸ ਡਿਵੀਜ਼ਨ ਦੇ ਮੁਖੀ ਦੇਵਾਸ਼ੀਸ਼ ਬਰਧਨ ਨੇ ਕਿਹਾ, "ਤਿੰਨ ਮੰਜ਼ਲਾ ਇਮਾਰਤ ਵਿੱਚ ਲੋਹੇ ਦੀ ਨਾਲੀਦਾਰ ਛੱਤ ਹੈ ਅਤੇ ਇਸ ਇਮਾਰਤ ਵਿੱਚ ਮਹਿਜ਼ ਇੱਕ ਹੀ ਨਿਕਾਸ ਹੈ। ਫ਼ੈਕਟਰੀ ਕੋਲ ਕੋਈ ਫ਼ਾਇਰ ਲਾਇਸੈਂਸ ਨਹੀਂ ਹੈ ਤਾਂ ਸਾਨੂੰ ਲੱਗਦਾ ਹੈ ਕਿ ਫ਼ੈਕਟਰੀ ਗ਼ੈਰ ਕਾਨੂੰਨੀ ਹੈ।"
ਉਨ੍ਹਾਂ ਕਿਹਾ ਕਿ ਅੱਗ ਤੇ ਕਾਬੂ ਪਾਏ ਜਾਣ ਤੋਂ ਬਾਅਦ ਅੱਗ ਬੁਝਾਉ ਦਸਤੇ ਨੂੰ ਉੱਥੋਂ 10 ਮ੍ਰਿਤਕ ਦੇਹਾਂ ਮਿਲੀਆਂ ਹਨ। ਹਾਲਾਂਕਿ ਇਸ ਤੋਂ ਇਲਾਵਾ ਹੋਰ ਕਿਸੇ ਦੇ ਜ਼ਖ਼ਮੀ ਹੋਣ ਦੀ ਖ਼ਬਰ ਅਜੇ ਤੱਕ ਸਾਹਮਣੇ ਨਹੀਂ ਆਈ ਹੈ।
ਬੰਗਲਾਦੇਸ਼ ਵਿੱਚ ਫ਼ੈਕਟਰੀਆਂ ਵਿੱਚ ਅੱਗ ਲੱਗਣਾ ਹੁਣ ਇੱਕ ਆਮ ਜਿਹੀ ਗੱਲ ਜਾਪਦੀ ਹੈ ਜਿਸ ਕਰਕੇ ਬੰਗਲਾਦੇਸ਼ ਨੂੰ ਕੌਮਾਂਤਰੀ ਜਾਚ ਦਾ ਸਾਹਮਣਾ ਵੀ ਕਰਨਾ ਪਿਆ ਸੀ।
ਬੰਗਲਾਦੇਸ਼ ਅੱਗ ਬੁਝਾਉ ਮਹਿਕਮੇ ਮੁਤਾਬਕ 2004 ਤੋਂ 2018 ਦੇ ਵਿਚਾਲੇ ਅੱਗ ਲੱਗਣ ਦੇ 89,923 ਮਾਮਲੇ ਦਰਜ ਕੀਤੇ ਗਏ ਹਨ ਜਿੰਨਾਂ ਵਿੱਚ 1970 ਲੋਕਾਂ ਆਪਣੀ ਕੀਮਤੀ ਜਾਨ ਗੁਆ ਚੁੱਕੇ ਹਨ।