ਨਵੀਂ ਦਿੱਲੀ: ਪਾਕਿਸਤਾਨ ਦੇ ਲਾਹੌਰ ਸ਼ਹਿਰ ਵਿੱਚ ਮਹਾਰਾਜਾ ਰਣਜੀਤ ਸਿੰਘ ਦੇ ਬੁੱਤ ਨੂੰ 2 ਲੋਕਾਂ ਵੱਲੋਂ ਨੁਕਸਾਨ ਪਹੁੰਚਾਇਆ ਗਿਆ ਹੈ। ਪੁਲਿਸ ਨੇ ਮਾਮਲਾ ਦਰਜ ਕਰ ਦੋਸ਼ਿਆਂ ਨੂੰ ਗ੍ਰਿਫਤਾਰ ਕਰ ਲਿਆ ਹੈ।
ਜਾਣਕਾਰੀ ਅਨੁਸਾਰ ਦੋਵੇਂ ਦੋਸ਼ੀ ਜੰਮੂ ਕਸ਼ਮੀਰ ਤੋਂ ਵਿਸ਼ੇਸ਼ ਰਾਜ ਦਾ ਦਰਜਾ ਵਾਪਸ ਲਏ ਜਾਣ ਨੂੰ ਲੈ ਕੇ ਗੁੱਸੇ ਵਿੱਚ ਸਨ ਜਿਸ ਕਾਰਨ ਉਨ੍ਹਾਂ ਨੇ ਮਹਾਰਾਜਾ ਰਣਜੀਤ ਸਿੰਘ ਦੇ ਬੁੱਤ ਨੂੰ ਨੁਕਸਾਨ ਪਹੁੰਚਾਇਆ। ਤੁਹਾਨੂੰ ਦੱਸ ਦਈਏ ਕਿ ਮਹਾਰਾਜਾ ਰਣਜੀਤ ਸਿੰਘ ਦੇ 9 ਫੁੱਟ ਓੁੱਚੇ ਬੁੱਤ ਦਾ ਲਾਹੌਰ ਕਿਲੇ ਵਿੱਚ ਜੂਨ 'ਚ ਉਦਘਾਟਨ ਕੀਤਾ ਗਿਆ ਸੀ। ਘਟਨਾ ਤੋਂ ਬਾਅਦ ਬੁੱਤ ਦੀ ਮੁਰੰਮਤ ਦਾ ਕੰਮ ਅਗਲੇ ਹਫ਼ਤੇ ਤੋਂ ਸ਼ੁਰੂ ਕੀਤਾ ਜਾਵੇਗਾ ਤੇ ਇਸ ਨੂੰ ਮੁੜ ਲੋਕਾਂ ਲਈ ਖੋਲ੍ਹਿਆ ਜਾਵੇਗਾ।
ਦੱਸਣਯੋਗ ਹੈ ਕਿ ਪੰਜਾਬ ਦੀ ਸਿੱਖ ਸਲਤਨਤ ਦੀ ਨੀਂਹ ਰੱਖਣ ਵਾਲੇ ਮਹਾਰਾਜਾ ਰਣਜੀਤ ਸਿੰਘ ਸ਼ੇਰ-ਏ-ਪੰਜਾਬ (ਪੰਜਾਬ ਦਾ ਸ਼ੇਰ) ਦੇ ਨਾਂਅ ਨਾਲ ਜਾਣਿਆ ਜਾਂਦਾ ਹੈ। ਮਹਾਰਾਜਾ ਰਣਜੀਤ ਸਿੰਘ ਨੂੰ ਪੰਜਾਬ ਦੇ ਇਤਿਹਾਸ ਵਿੱਚ ਬਹਾਦਰ, ਦਲੇਰ ਮਹਾਰਾਜੇ ਤੇ ਮਹਾਨ ਸ਼ਖ਼ਸੀਅਤ ਵਜੋਂ ਜਾਣਿਆ ਜਾਂਦਾ ਹੈ।