ਕਰਾਚੀ: ਭਾਰਤ ਵਿਰੋਧੀ ਰੈਲੀ ‘ਤੇ ਹੋਏ ਗ੍ਰਨੇਡ ਹਮਲੇ ਵਿੱਚ ਬੁੱਧਵਾਰ ਸ਼ਾਮ ਨੂੰ 39 ਲੋਕਾਂ ਦੇ ਜ਼ਖਮੀ ਹੋਣ ਦੀ ਖ਼ਬਰ ਸਾਹਮਣੇ ਆਈ ਹੈ। ਇਹ ਧਮਾਕਾ ਉਸ ਮੁੱਖ ਟਰੱਕ ਦੇ ਨੇੜੇ ਹੋਇਆ ਹੈ ਜੋ ਗੁਲਸ਼ਨ-ਏ-ਇਕਬਾਲ ਖੇਤਰ ਵਿੱਚ ਜਮਾਤ-ਏ-ਇਸਲਾਮੀ (ਜੇ.ਆਈ.) ਵੱਲੋਂ ਕੀਤੀ ਗਈ ਰੈਲੀ ਦਾ ਹਿੱਸਾ ਸੀ।
ਜਾਣਕਾਰੀ ਮੁਤਾਬਕ 2 ਬਾਈਕ ਸਵਾਰ ਅਣਪਛਾਤੇ ਵਿਅਕਤੀਆਂ ਨੇ ਰੈਲੀ 'ਚ ਗ੍ਰਨੇਡ ਸੁੱਟਿਆ ਅਤੇ ਮੌਕੇ ਤੋਂ ਫ਼ਰਾਰ ਹੋ ਗਏ। ਪਿਛਲੇ ਸਾਲ 5 ਅਗਸਤ ਨੂੰ ਜੰਮੂ-ਕਸ਼ਮੀਰ ਤੋਂ ਧਾਰਾ 370 ਖ਼ਤਮ ਕਰਨ ਦੇ ਭਾਰਤ ਦੇ ਕਦਮ ਦੇ ਵਿਰੋਧ ਵਿੱਚ ਇਹ ਰੈਲੀ ਕੀਤੀ ਜਾ ਰਹੀ ਸੀ।
ਸਿੰਧ ਦੇ ਸਿਹਤ ਮੰਤਰੀ ਦੇ ਮੀਡੀਆ ਕੋਆਰਡੀਨੇਟਰ ਮੀਰਾਂਨ ਯੂਸਫ ਨੇ ਦੱਸਿਆ ਕਿ 39 ਜ਼ਖਮੀਆਂ ਵਿਚੋਂ ਇੱਕ ਵਿਅਕਤੀ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ ਜਦੋਂ ਕਿ ਕਿਸੇ ਜਾਨੀ ਨੁਕਸਾਨ ਦੀ ਖ਼ਬਰ ਨਹੀਂ ਮਿਲੀ ਹੈ।
ਜ਼ਖਮੀਆਂ ਵਿੱਚੋਂ 5 ਨੂੰ ਪਹਿਲਾਂ ਅਲ-ਮੁਸਤਫਾ ਹਸਪਤਾਲ, 7 ਜਿਨਾਹ ਪੋਸਟ ਗ੍ਰੈਜੂਏਟ ਮੈਡੀਕਲ ਸੈਂਟਰ (ਜੇਪੀਐਮਸੀ), 11 ਆਗਾ ਖ਼ਾਨ ਯੂਨੀਵਰਸਿਟੀ ਹਸਪਤਾਲ ਅਤੇ 10 ਨੂੰ ਲਿਆਕਤ ਕੌਮੀ ਹਸਪਤਾਲ ਲਿਜਾਇਆ ਗਿਆ।
ਪਾਬੰਦੀਸ਼ੁਦਾ ਸੰਗਠਨ ਸਿੰਧੂਦੇਸ਼ ਇਨਕਲਾਬੀ ਆਰਮੀ (ਐਸਆਰਏ) ਨੇ ਸੋਸ਼ਲ ਮੀਡੀਆ ਰਾਹੀਂ ਹਮਲੇ ਦੀ ਜ਼ਿੰਮੇਵਾਰੀ ਲਈ ਹੈ।
ਇਸ ਤੋਂ ਇਲਾਵਾ ਇੱਕ ਵੱਖਰੀ ਘਟਨਾ ਵਿੱਚ ਥਾਣਾ ਕੋਰਾਂਗੀ ਦੇ ਖੇਤਰ ਵਿੱਚ ਇੱਕ ਕਰੈਕਰ ਹਮਲੇ ਵਿੱਚ 3 ਲੋਕ ਜ਼ਖਮੀ ਹੋਏ ਹਨ। ਇਹ ਹਮਲਾ ਘਰੇ ਬਣਾਏ ਬੰਬ ਨਾਲ ਕੀਤਾ ਗਿਆ ਹੈ।