ਨਵੀਂ ਦਿੱਲੀ: ਚੀਨ ਵਿੱਚ ਕੋਰੋਨਾ ਵਾਇਰਸ ਦਾ ਕਹਿਰ ਰੁਕਣ ਦਾ ਨਾਮ ਨਹੀਂ ਲੈ ਰਿਹਾ। ਇਸ ਵਾਇਰਸ ਨਾਲ ਮਰਨ ਵਾਲਿਆਂ ਦੀ ਗਿਣਤੀ ਵਧ ਕੇ 170 ਹੋ ਗਈ ਹੈ ਅਤੇ ਚੀਨ ਦੀ ਸਰਕਾਰ ਨੇ ਦੱਸਿਆ ਕਿ ਇਸ ਵਾਇਰਸ ਦੇ 1700 ਨਵੇਂ ਮਾਮਲੇ ਸਾਹਮਣੇ ਆਏ ਹਨ। ਕਮੀਸ਼ਨ ਮੁਤਾਬਕ ਤਿੱਬਤ ਵਿੱਚ ਵੀ ਕੋਰੋਨਾ ਵਾਇਰਸ ਦਾ ਪਹਿਲਾ ਮਾਮਲਾ ਸਾਹਮਣੇ ਆਇਆ ਹੈ।
ਚੀਨ ਵਿੱਚ ਇਸ ਵਾਇਰਸ ਨਾਲ ਇੱਕ ਦਿਨ 'ਚ 38 ਮੌਤਾਂ ਸਾਹਮਣੇ ਆਈਆਂ, ਜੋ ਕਿ 24 ਘੰਟਿਆਂ 'ਚ ਹੋਈਆਂ ਮੌਤਾਂ ਦਾ ਸਭ ਤੋਂ ਵੱਧ ਅੰਕੜਾ ਹੈ। ਇਸ ਵਾਇਰਸ ਦੀ ਰੋਕਥਾਮ ਲਈ ਸਰਕਾਰ ਕਈ ਕੋਸ਼ਿਸ਼ਾਂ ਕਰ ਰਹੀ ਹੈ ਪਰ ਫੇਰ ਵੀ ਹੁਬੇਈ ਦੇ ਲੱਖਾਂ ਲੋਕ ਇਸ ਦੇ ਪ੍ਰਭਾਵ ਕਾਰਨ ਸ਼ਹਿਰ ਵਿੱਚ ਕੈਦ ਹੋ ਕੇ ਰਹਿ ਗਏ ਹਨ। ਜਾਣਕਾਰੀ ਮੁਤਾਬਕ ਇਸ ਵਾਇਰਸ ਦੇ ਸਭ ਤੋਂ ਵੱਧ ਨਵੇਂ ਮਾਮਲੇ ਵੀ ਹੁਬੇਈ ਤੋਂ ਹੀ ਸਾਹਮਣੇ ਆਏ ਹਨ ਜਿੰਨਾ ਦੀ ਗਿਣਤੀ 1032 ਦਰਜ ਕੀਤੀ ਗਈ ਹੈ।
ਚੀਨ ਦੇ ਰਾਸ਼ਟਰੀ ਸਿਹਤ ਕਮਿਸ਼ਨ ਨੇ ਕਿਹਾ 1,370 ਮਰੀਜ਼ ਗੰਭੀਰ ਸਥਿਤੀ ਵਿੱਚ ਹਨ ਅਤੇ ਬੁੱਧਵਾਰ ਦੇ ਅੰਤ ਤੱਕ 12167 ਲੋਕਾਂ ਨੂੰ ਵਾਇਰਸ ਨਾਲ ਸੰਕਰਮਿਤ ਹੋਣ ਦਾ ਸ਼ੱਕ ਸੀ।
ਇਹ ਵੀ ਪੜ੍ਹੋ: ਚੀਨ 'ਚ ਕੋਰੋਨਾ ਵਾਇਰਸ ਕਾਰਨ ਹੁਣ ਤੱਕ 80 ਲੋਕਾਂ ਦੀ ਹੋਈ ਮੌਤ
ਕਈ ਗਲੋਬਲ ਏਅਰਲਾਇੰਸਜ਼ ਜਿੰਨਾ ਵਿੱਚ ਏਅਰ ਇੰਡੀਆ, ਬ੍ਰਿਟਿਸ਼ ਏਅਰਵੇਜ਼, ਲਾਇਨ ਏਅਰ ਅਤੇ ਇੰਡੀਗੋ ਏਅਰਲਾਇੰਸ ਨੇ ਬੁੱਧਵਾਰ ਨੂੰ ਚੀਨੀ ਸ਼ਹਿਰਾਂ ਲਈ ਆਪਣੀਆਂ ਉਡਾਣਾਂ ਨੂੰ ਰੱਦ ਕਰ ਦਿੱਤਾ ਕਿਉਂਕਿ ਬੀਜਿੰਗ ਵਿੱਚ ਤੇਜ਼ੀ ਨਾਲ ਵਾਇਰਸ ਫੈਲ ਰਿਹਾ ਹੈ।
ਭਾਰਤ, ਅਮਰੀਕਾ, ਬ੍ਰਿਟੇਨ ਅਤੇ ਜਰਮਨੀ ਵੱਲੋਂ ਵੀ ਚੀਨ ਦੀ ਯਾਤਰਾ ਨਾ ਕਰਨ ਸਬੰਧੀ ਐਡਵਾਈਜ਼ਰੀ ਜਾਰੀ ਕਰ ਚੁੱਕੇ ਹਨ। ਬੀਜਿੰਗ ਵੀ ਚੀਨੀ ਲੋਕਾਂ ਨੂੰ ਵਾਇਰਸ ਦੇ ਮੱਦੇਨਜ਼ਰ ਘਰੇਲੂ ਅਤੇ ਵਿਦੇਸ਼ ਯਾਤਰਾ ਨਾ ਕਰਨ ਲਈ ਕਹਿ ਰਿਹਾ ਹੈ।