ਨਵੀਂ ਦਿੱਲੀ: ਚੀਨ ਵਿੱਚ ਐਤਵਾਰ ਨੂੰ 150 ਲੋਕਾਂ ਦੀ ਮੌਤ ਹੋਣ ਤੋਂ ਬਾਅਦ ਕੋਰੋਨਾ ਵਾਇਰਸ ਨਾਲ ਮਰਨ ਵਾਲਿਆਂ ਦੀ ਗਿਣਤੀ 2592 ਹੋ ਗਈ ਹੈ। ਰਾਸ਼ਟਰੀ ਸਿਹਤ ਕਮਿਸ਼ਨ ਨੇ ਕਿਹਾ ਕਿ ਦੇਸ਼ ਦੇ 31 ਸੂਬਿਆਂ ਵਿੱਚ ਹੁਣ ਤੱਕ 77,150 ਮਾਮਲੇ ਸਾਹਮਣੇ ਆ ਚੁੱਕੇ ਹਨ।
ਮਹਾਂਮਾਰੀ ਦੇ ਮੱਦੇਨਜ਼ਰ ਭਾਰਤ ਪੂਰੀ ਕੋਸ਼ਿਸ਼ ਕਰ ਰਿਹਾ ਹੈ, ਕਿ ਉਹ ਚੀਨ ਤੋਂ ਭਾਰਤੀ ਨਾਗਰਿਕਾ ਨੂੰ ਬਾਹਰ ਕੱਢ ਸਕੇ। ਚੀਨ ਦੇ ਵੁਹਾਨ ਪ੍ਰਾਂਤ ਵਿੱਚ ਫ਼ਸੇ ਬਾਕੀ ਭਾਰਤੀਆਂ ਨੂੰ ਵਾਪਸ ਲਿਆਉਣ ਲਈ 26 ਫਰਵਰੀ ਨੂੰ ਭਾਰਤ ਇੱਕ ਵਿਸ਼ੇਸ਼ ਜਹਾਜ਼ ਭੇਜੇਗਾ। ਭਾਰਤੀ ਸੈਨਿਕ ਹਵਾਈ ਜਹਾਜ਼ ਚੀਨ ਨੂੰ ਰਾਹਤ ਸਮੱਗਰੀ ਦੇਣ ਤੋਂ ਬਾਅਦ ਉਥੇ ਫਸੇ ਭਾਰਤੀਆਂ ਨੂੰ ਇਸ ਜਹਾਜ਼ ਰਾਹੀਂ ਵਾਪਸ ਲੈ ਕੇ ਆਵੇਗਾ।
ਕੇਂਦਰੀ ਸਿਹਤ ਮੰਤਰਾਲੇ ਨੇ ਸੋਮਵਾਰ ਨੂੰ ਇਹ ਜਾਣਕਾਰੀ ਦਿੱਤੀ। ਮੰਤਰਾਲੇ ਨੇ ਇੱਕ ਬਿਆਨ ਵਿੱਚ ਕਿਹਾ, "ਵਿਦੇਸ਼ ਮੰਤਰਾਲੇ ਵੱਲੋਂ ਦੱਸਿਆ ਗਿਆ ਹੈ ਕਿ 26 ਫਰਵਰੀ ਨੂੰ ਵੁਹਾਨ ਲਈ ਹਵਾਈ ਸੈਨਾ ਦੇ ਜਹਾਜ਼ ਦੀ ਉਡਾਣ ਦੀ ਯੋਜਨਾ ਹੈ ਅਤੇ ਉੱਥੋਂ ਉਹ 27 ਫਰਵਰੀ ਨੂੰ ਭਾਰਤੀਆਂ ਨਾਲ ਵਾਪਸ ਪਰਤੇਗੀ।"
ਇਸ ਦੌਰਾਨ, ਚੀਨ ਦੇ ਅਧਿਕਾਰੀਆਂ ਨੇ ਵੀ ਉਨ੍ਹਾਂ ਲੋਕਾਂ ਨੂੰ ਵੁਹਾਨ ਨੂੰ ਛੱਡਣ ਲਈ ਇਜਾਜ਼ਤ ਦਿੱਤੀ ਹੈ ਜੋ ਇੱਥੇ ਵਸਨੀਕ ਨਹੀਂ ਹਨ। ਅਜਿਹੇ ਲੋਕਾਂ ਨੂੰ ਵੁਹਾਨ ਤੋਂ ਬਾਹਰ ਜਾ ਦਿੱਤਾ ਜਾਵੇਗਾ ਜਿਨ੍ਹਾਂ ਵਿੱਚ ਕੋਰੋਨਾ ਵਾਇਰਸ ਦੇ ਕੋਈ ਸੰਕੇਤ ਨਹੀਂ ਹਨ ਤੇ ਜਿਨ੍ਹਾਂ ਦਾ ਮਰੀਜ਼ਾਂ ਨਾਲ ਕੋਈ ਸੰਪਰਕ ਨਹੀਂ ਰਿਹਾ ਹੈ।
ਵੁਹਾਨ ਕੋਰੋਨਾ ਵਾਇਰਸ ਦਾ ਕੇਂਦਰ ਹੈ ਅਤੇ ਸ਼ਹਿਰ ਨੂੰ ਵੱਖ ਕੀਤਾ ਗਿਆ ਹੈ। ਵੁਹਾਨ 1.1 ਮਿਲੀਅਨ ਦੀ ਅਬਾਦੀ ਵਾਲਾ ਇੱਕ ਸ਼ਹਿਰ ਹੈ। ਕੋਰੋਨਾ ਵਾਇਰਸ ਦੇ ਸੰਕਰਮ ਦੇ ਫੈਲਣ ਨੂੰ ਰੋਕਣ ਲਈ ਸ਼ਹਿਰ 23 ਜਨਵਰੀ ਤੋਂ ਬੰਦ ਹੈ।