ਬੀਜਿੰਗ: 15 ਜੂਨ ਨੂੰ ਗਲਵਾਨ ਘਾਟੀ ਵਿਚ ਭਾਰਤ ਅਤੇ ਚੀਨੀ ਫੌਜੀਆਂ ਵਿਚਾਲੇ ਹੋਈ ਹਿੰਸਕ ਝੜਪ ਵਿਚ ਉਨ੍ਹਾਂ ਦੇ ਜਵਾਨਾਂ ਦੇ ਮਾਰੇ ਜਾਣ ਦੀ ਖ਼ਬਰ ਨੂੰ ਲੈ ਕੇ ਚੀਨ ਨੇ ਪਹਿਲੀ ਵਾਰ ਚੁੱਪੀ ਤੋੜੀ ਹੈ। ਚੀਨ ਨੇ ਪੂਰਬੀ ਲੱਦਾਖ ਵਿੱਚ ਹੋਈ ਹਿੰਸਕ ਝੜਪ ਵਿੱਚ ਆਪਣੇ 40 ਤੋਂ ਵੱਧ ਜਵਾਨਾਂ ਦੇ ਮਾਰੇ ਜਾਣ ਦੀ ਖ਼ਬਰ ਨੂੰ ਫਰਜ਼ੀ ਕਰਾਰ ਦਿੱਤਾ ਹੈ।
ਝੜਪ ਤੋਂ ਬਾਅਦ, ਚੀਨੀ ਵਿਦੇਸ਼ ਮੰਤਰਾਲੇ ਦੇ ਬੁਲਾਰੇ ਝਾਓ ਲੀਜਿਆਨ, ਜੋ ਪੀਪਲਜ਼ ਲਿਬਰੇਸ਼ਨ ਆਰਮੀ ਦੇ ਮਾਰੇ ਜਾਣ ਦੇ ਸਵਾਲ ਤੋਂ ਬਚਦਿਆਂ ਸਾਬਕਾ ਆਰਮੀ ਚੀਫ ਅਤੇ ਸੜਕ ਤੇ ਟ੍ਰਾਂਸਪੋਰਟ ਮੰਤਰੀ ਜਨਰਲ (ਰਿਟਾ.) ਵੀ.ਕੇ ਸਿੰਘ ਦੀ ਇਸ ਟਿੱਪਣੀ 'ਤੇ ਪ੍ਰਤੀਕ੍ਰਿਆ ਕੀਤੀ, ਜਿਸ ਵਿਚ ਉਨ੍ਹਾਂ ਨੇ ਕਿਹਾ ਸੀ ਕਿ ਜੇ ਸਾਡੇ 20 ਜਵਾਨ ਸ਼ਹੀਦ ਹੋ ਗਏ ਤਾਂ ਉਨ੍ਹਾਂ ਦੇ ਦੁੱਗਣੇ ਜਵਾਨ ਮਾਰੇ ਗਏ ਹਨ।
ਮੀਡੀਆ ਬ੍ਰੀਫਿੰਗ ਦੌਰਾਨ ਜਵਾਬ ਮੰਗਣ 'ਤੇ ਝਾਓ ਨੇ ਮੰਗਲਵਾਰ ਨੂੰ ਕਿਹਾ ਕਿ ਚੀਨ ਅਤੇ ਭਾਰਤ ਕੂਟਨੀਤਕ ਅਤੇ ਸੈਨਿਕ ਤਰੀਕਿਆਂ ਨਾਲ ਮਾਮਲੇ ਨੂੰ ਸੁਲਝਾਉਣ ਲਈ ਇਕ ਦੂਜੇ ਨਾਲ ਗੱਲਬਾਤ ਕਰ ਰਹੇ ਹਨ।
ਉਨ੍ਹਾਂ ਕਿਹਾ, "ਜਿਵੇਂ ਕਿ ਤੁਸੀਂ ਮੀਡੀਆ ਵਿਚ ਦੇਖਿਆ, ਉਦਾਹਰਣ ਵਜੋਂ ਕੁਝ ਲੋਕਾਂ ਨੇ ਕਿਹਾ ਕਿ ਚੀਨੀ ਪੱਖ ਦੇ 40 ਲੋਕਾਂ ਦੀ ਮੌਤ ਹੋ ਗਈ। ਮੈਂ ਤੁਹਾਨੂੰ ਵਿਸ਼ਵਾਸ ਨਾਲ ਦੱਸ ਸਕਦਾ ਹਾਂ ਕਿ ਇਹ ਗਲਤ ਖ਼ਬਰ ਹੈ।" ਉਨ੍ਹਾਂ ਇਸ ਸਬੰਧ ਵਿਚ ਹੋਰ ਜਾਣਕਾਰੀ ਨਹੀਂ ਦਿੱਤੀ।
ਇਹ ਪਹਿਲਾ ਮੌਕਾ ਸੀ ਜਦੋਂ ਜਵਾਨਾਂ ਦੇ ਮਾਰੇ ਜਾਣ ਬਾਰੇ ਚੀਨ ਵੱਲੋਂ ਕੋਈ ਬਿਆਨ ਆਇਆ ਹੈ। ਹਾਲਾਂਕਿ, ਬੁਲਾਰੇ ਨੇ ਵਿਸਤਾਰ ਵਿੱਚ ਨਹੀਂ ਦੱਸਿਆ। ਚੀਨ ਨੇ ਮ੍ਰਿਤਕਾਂ ਦੀ ਗਿਣਤੀ ਦਾ ਖੁਲਾਸਾ ਨਹੀਂ ਕੀਤਾ ਹੈ, ਪਰ ਅਜਿਹੀਆਂ ਖ਼ਬਰਾਂ ਹਨ ਕਿ ਇਸ ਝੜਪ ਵਿੱਚ ਮਾਰੇ ਗਏ ਚੀਨੀ ਜਵਾਨਾਂ ਵਿੱਚ ਉਨ੍ਹਾਂ ਦੀ ਸੈਨਾ ਦਾ ਕਮਾਂਡਿੰਗ ਅਧਿਕਾਰੀ ਵੀ ਸ਼ਾਮਲ ਹੈ। ਇਸ ਦੀ ਅਧਿਕਾਰਤ ਤੌਰ 'ਤੇ ਪੁਸ਼ਟੀ ਨਹੀਂ ਹੋਈ ਹੈ।