ਨਵੀਂ ਦਿੱਲੀ: ਚੀਨ ਨੇ ਸ਼ੁੱਕਰਵਾਰ ਨੂੰ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਭਾਰਤ ਅਤੇ ਚੀਨ ਵਿਚਾਲੇ ਮੌਜੂਦਾ ਸਰਹੱਦੀ ਤਣਾਅ ਨੂੰ ਖ਼ਤਮ ਕਰਨ ਲਈ ਵਿਚੋਲਗੀ ਕਰਨ ਦੀ ਪੇਸ਼ਕਸ਼ ਨੂੰ ਖਾਰਜ ਕਰ ਦਿੱਤਾ। ਟਰੰਪ ਨੇ ਬੁੱਧਵਾਰ ਨੂੰ ਭਾਰਤ ਅਤੇ ਚੀਨ ਵਿਚਾਲੇ ਵੱਧ ਰਹੇ ਸਰਹੱਦੀ ਵਿਵਾਦ ਵਿੱਚ ਵਿਚੋਲਗੀ ਕਰਨ ਦੀ ਪੇਸ਼ਕਸ਼ ਕਰਦਿਆਂ ਕਿਹਾ ਕਿ ਉਹ ਦੋਵੇਂ ਏਸ਼ੀਆਈ ਫ਼ੌਜਾਂ ਵਿਚਾਲੇ ਤਣਾਅ ਘੱਟ ਕਰਨ ਲਈ ਤਿਆਰ ਅਤੇ ਸਮਰੱਥ ਹਨ।
ਅਮਰੀਕੀ ਰਾਸ਼ਟਰਪਤੀ ਦੀ ਪੇਸ਼ਕਸ਼ 'ਤੇ ਪ੍ਰਤੀਕਰਮ ਦਿੰਦਿਆਂ ਚੀਨੀ ਵਿਦੇਸ਼ ਮੰਤਰਾਲੇ ਦੇ ਬੁਲਾਰੇ ਜ਼ਾਓ ਲੀਜਿਅਨ ਨੇ ਕਿਹਾ ਕਿ ਦੋਵੇਂ ਦੇਸ਼ ਮੌਜੂਦਾ ਤਣਾਅ ਨੂੰ ਸੁਲਝਾਉਣ ਲਈ ਕਿਸੇ ਤੀਜੀ ਧਿਰ ਦੀ ਦਖਲ ਨਹੀਂ ਚਾਹੁੰਦੇ। ਮੀਡੀਆ ਵੱਲੋਂ ਜ਼ਾਓ ਨੂੰ ਜਦੋਂ ਟਰੰਪ ਦੀ ਪੇਸ਼ਕਸ਼ ਬਾਰੇ ਪੁੱਛਿਆ ਗਿਆ ਤਾਂ ਉਨ੍ਹਾਂ ਕਿਹਾ ਕਿ ਚੀਨ ਅਤੇ ਭਾਰਤ ਦੇ ਵਿਚਕਾਰ ਸਾਡੇ ਕੋਲ ਸਰਹੱਦ ਨਾਲ ਸਬੰਧਤ ਪਹਿਲਾਂ ਤੋਂ ਮੌਜੂਦ ਢਾਂਚੇ ਅਤੇ ਸੰਚਾਰ ਚੈਨਲ ਹਨ।
ਅਸੀਂ ਗੱਲਬਾਤ ਅਤੇ ਸਲਾਹ-ਮਸ਼ਵਰੇ ਰਾਹੀਂ ਸਾਡੇ ਵਿਚਕਾਰਲੇ ਮੁੱਦਿਆਂ ਨੂੰ ਸਹੀ ਢੰਗ ਨਾਲ ਹੱਲ ਕਰਨ ਵਿੱਚ ਸਮਰੱਥ ਹਾਂ। ਉਨ੍ਹਾਂ ਨੇ ਕਿਹਾ ਕਿ ਸਾਨੂੰ ਤੀਜੀ ਧਿਰ ਦੇ ਦਖ਼ਲ ਦੀ ਲੋੜ ਨਹੀਂ ਹੈ। ਲੱਦਾਖ ਅਤੇ ਉੱਤਰੀ ਸਿੱਕਮ ਵਿੱਚ ਅਸਲ ਕੰਟਰੋਲ ਰੇਖਾ (ਐਲਏਸੀ) ਦੇ ਨਾਲ ਲੱਗਦੇ ਕਈ ਖੇਤਰਾਂ ਵਿੱਚ ਹਾਲ ਹੀ ਵਿੱਚ ਦੋਹਾਂ ਦੇਸ਼ਾਂ ਦੀਆਂ ਫ਼ੌਜਾਂ ਵਿਚਾਲੇ ਤਣਾਅ ਕਾਫ਼ੀ ਵੱਧ ਗਿਆ ਹੈ।
ਭਾਰਤ ਨੇ ਕਿਹਾ ਹੈ ਕਿ ਚੀਨੀ ਸੈਨਾ ਆਪਣੀ ਫੌਜਾਂ ਦੁਆਰਾ ਲੱਦਾਖ ਅਤੇ ਸਿੱਕਮ ਵਿਚ ਐਲਏਸੀ ਦੇ ਨਾਲ ਪੈਟਰੋਲਿੰਗ ਵਿੱਚ ਰੁਕਾਵਟ ਪੈਦਾ ਕਰ ਰਹੀ ਹੈ ਅਤੇ ਚੀਨ ਦੇ ਉਸ ਦਾਅਵੇ ਨੂੰ ਖਾਰਜ ਕੀਤਾ ਕਿ ਦੋਵਾਂ ਸੈਨਾਵਾਂ ਵਿਚਾਲੇ ਤਣਾਅ ਭਾਰਤੀ ਜਵਾਨਾਂ ਵੱਲੋਂ ਚੀਨ ਵਾਲੇ ਪਾਸੇ ਦਾਖ਼ਲ ਹੋਣ ਕਾਰਨ ਵਧਿਆ ਹੈ।
ਭਾਰਤੀ ਵਿਦੇਸ਼ ਮੰਤਰਾਲੇ ਨੇ ਕਿਹਾ ਕਿ ਸਾਰੀਆਂ ਭਾਰਤੀ ਗਤੀਵਿਧੀਆਂ ਸਰਹੱਦ 'ਤੇ ਇਸ ਪਾਸੇ ਚਲਾਈਆਂ ਗਈਆਂ ਹਨ। ਮੰਤਰਾਲੇ ਨੇ ਕਿਹਾ ਕਿ ਭਾਰਤ ਨੇ ਹਮੇਸ਼ਾ ਸਰਹੱਦੀ ਪ੍ਰਬੰਧਨ ਲਈ ਬਹੁਤ ਜ਼ਿੰਮੇਵਾਰ ਪਹੁੰਚ ਅਪਣਾਈ ਹੈ। ਇਸ ਦੇ ਨਾਲ ਹੀ ਇਹ ਵੀ ਕਿਹਾ ਕਿ ਭਾਰਤ ਆਪਣੀ ਪ੍ਰਭੂਸੱਤਾ ਅਤੇ ਸੁਰੱਖਿਆ ਦੀ ਰੱਖਿਆ ਲਈ ਵਚਨਬੱਧ ਹੈ