ਤਰਨਤਾਰਨ: ਭਾਰਤ-ਪਾਕਿ ਸਰਹੱਦ ਨੇੜਲੇ ਪਿੰਡ ਡੱਲ 'ਚ ਤਿੰਨ ਪਾਕਿਸਤਾਨੀ ਨਾਗਰਿਕਾਂ ਨੂੰ ਬੀਐਸਐਫ ਵੱਲੋਂ ਕਾਬੂ ਕੀਤਾ ਗਿਆ ਹੈ। ਗ੍ਰਿਫ਼ਤਾਰ ਕੀਤੇ ਗਏ ਪਾਕਿਸਤਾਨੀ ਨਾਗਰਿਕਾਂ ਤੋਂ ਛੇ ਹਜ਼ਾਰ ਸੱਤ ਸੌ ਰੁਪਏ ਦੀ ਪਾਕਿਸਤਾਨੀ ਕਰੰਸੀ ਅਤੇ ਤਿੰਨ ਮੋਬਾਈਲ ਫੋਨ ਬਰਾਮਦ ਕੀਤੇ ਗਏ ਹਨ। ਬੀਐਸਐਫ ਨੇ ਇਨ੍ਹਾਂ ਤਿੰਨਾਂ ਨਾਗਰਿਕਾਂ ਨੂੰ ਗ੍ਰਿਫ਼ਤਾਰ ਕਰ ਪੁੱਛ ਗਿੱਛ ਅਤੇ ਪੜਤਾਲ ਸ਼ੁਰੂ ਕਰ ਦਿੱਤੀ ਹੈ। ਸੂਤਰਾਂ ਅਨੁਸਾਰ ਇਹ ਤਿੰਨੇ ਵਿਅਕਤੀ ਭੁਲੇਖੇ 'ਚ ਸਰਹੱਦ ਪਾਰ ਕਰ ਭਾਰਤ ਪਹੁੰਚ ਗਏ ਸਨ।
ਇਹ ਵੀ ਪੜ੍ਹੋ- ਹਾਂਗਕਾਂਗ ਦੇ ਸੰਵਿਧਾਨਕ ਮਾਮਲਿਆਂ ਬਾਰੇ ਫ਼ੈਸਲਾ ਲੈਣ ਦਾ ਅਧਿਕਾਰ ਸਿਰਫ ਸਾਨੂੰ : ਚੀਨ
ਜਾਣਕਾਰੀ ਦਿੰਦੇ ਹੋਏ ਬੀਐਸਐਫ ਦੇ ਸੀਨੀਅਰ ਅਧਿਕਾਰੀ ਨੇ ਜਿੱਥੇ ਪੂਰੇ ਮਾਮਲੇ 'ਤੇ ਚਾਨਣਾ ਪਾਇਆ ਉੱਥੇ ਹੀ ਇਸ ਸੰਬੰਧੀ ਪੜਤਾਲ ਬਾਰੇ ਵੀ ਦੱਸਿਆ। ਅਧਿਕਾਰੀ ਨੇ ਦੱਸਿਆ ਕਿ ਰੋਜ਼ਾਨਾ ਦੀ ਤਰ੍ਹਾਂ ਬੀਐਸਐਫ ਦੀ ਪਲਟਨ ਤਰਨਤਾਰਨ ਦੇ ਥਾਣਾ ਖਾਲੜਾ ਅਧੀਨ ਚੌਕੀ ਡੱਲ ਵਿਖੇ ਗਸ਼ਤ ਕਰ ਰਹੀ ਸੀ ਤਾਂ ਉਨ੍ਹਾਂ ਨੂੰ ਕੁਝ ਵਿਅਕਤੀਆਂ ਦਾ ਭਾਰਤੀ ਸਰਹੱਦ ਅੰਦਰ ਦਾਖਲ ਹੋਣਾ ਦਿਖਾਈ ਦਿੱਤਾ ਅਤੇ ਬੀਐਸਐਫ ਦੇ ਜਵਾਨਾਂ ਵੱਲੋਂ ਉਨ੍ਹਾਂ ਨੂੰ ਕਾਬੂ ਕਰ ਲਿਆ ਗਿਆ।
ਦੱਸਣਯੋਗ ਹੈ ਕਿ ਕਾਬੂ ਕੀਤੇ ਗਏ ਵਿਅਕਤੀਆਂ ਦੇ ਨਾਂ ਹਾਕਮ ਅਲੀ, ਵਾਹਿਦ ਆਲਮ ਅਤੇ ਸਦਿਮ ਦੱਸੇ ਜਾ ਰਹੇ ਹਨ। ਬੀਐਸਐਫ ਨੇ ਕਿਹਾ ਕਿ ਕਾਬੂ ਕੀਤੇ ਗਏ ਵਿਅਕਤੀਆਂ ਦੀ ਬਾਰੀਕੀ ਨਾਲ ਪੜਤਾਲ ਸ਼ੁਰੂ ਕਰ ਦਿੱਤੀ ਗਈ ਹੈ।